ਤੂੰ ਦੱਸਿਆ ਹੀ ਨਹੀਂ
“ਸ਼ੈਰੀ! ਮੈਨੂੰ ਤਾਂ ਬਹੁਤ ਡਰ ਲੱਗ ਰਿਹਾ ਹੈ। ਪਤਾ ਨਹੀਂ,ਤੁਹਾਡੇ ਮੰਮੀ ਦੀ ਮੇਰੇ ਬਾਰੇ ਕੀ ਰਾਏ ਹੋਵੇ?” ਰੂਬੀ ਨੇ ਸ਼ੈਰੀ ਨੂੰ ਕਿਹਾ।
“ਤੂੰ ਤਾਂ ਐਂਵੇਂ ਹੀ ਡਰੀ ਜਾਂਦੀ ਏਂ। ਮੰਮੀ ਨੂੰ ਮੇਰੇ ਤੇ ਮੇਰੀ ਪਸੰਦ ਤੇ ਪੂਰਾ ਭਰੋਸਾ ਹੈ। ਜਦੋਂ ਤੇਰੀ ਫੋਟੋ ਮੰਮੀ ਨੂੰ ਵਿਖਾਈ ਸੀ ਤਾਂ ਵੇਖਦੇ ਹੀ ਮੰਮੀ ਬੋਲੀ ਸੀ, ਬਿਲਕੁੱਲ ਚੰਨ ਦਾ ਟੁਕੜਾ ਏ। ਮੈਨੂੰ ਜਿਹੋ ਜਿਹੀ ਬਹੂ ਦੀ ਹੀ ਤਲਾਸ਼ ਸੀ, ਬਿਲਕੁੱਲ ਵੈਸੀ ਹੈ। ਫਿਰ ਮੰਮੀ ਪੜ੍ਹੇ-ਲਿਖੇ ਤੇ ਅਗਾਂਹ ਵਧੂ ਵਿਚਾਰਾਂ ਵਾਲੇ ਨੇ। ਬੱਸ ਤੂੰ ਨਾਰਮਲ ਹੋ ਜਾਹ, ਮੰਮੀ ਆਉਂਦੇ ਹੀ ਹੋਣੇ ਨੇ।” ਸ਼ੈਰੀ ਨੇ ਰੂਬੀ ਨੂੰ ਹੌਂਸਲਾ ਦਿੰਦੇ ਕਿਹਾ।
ਸ਼ੈਰੀ ਦੀ ਕੋਠੀ ਦੇ ਡਰਾਇੰਗ ਰੂਮ ਵਿੱਚ ਬੈਠੇ ਉਹ ਦੋਵੇਂ ਗੱਲਾਂ ਕਰ ਹੀ ਰਹੇ ਸੀ ਕਿ ਸ਼ੈਰੀ ਦੇ ਮੰਮੀ ਆ ਗਏ। ਆਦਰ ਸਹਿਤ ਰੂਬੀ ਨੇ ਉੱਠ ਕੇ ਹੱਥ ਜੋੜ ਕੇ ਸਿਰ ਨਿਵਾਇਆ। ਰੂਬੀ ਨੂੰ ਕਲਾਵੇ ਵਿੱਚ ਲੈਂਦੇ ਸ਼ੈਰੀ ਦੀ ਮੰਮੀ ਨੇ ਕਿਹਾ, “ਤੂੰ ਤਾਂ ਫੋਟੋ ਤੋਂ ਵੱਧ ਸੋਹਣੀ ਤੇ ਸੁਚੱਜੀ ਮੁਟਿਆਰ ਏਂ। ਸ਼ੈਰੀ ਨੇ ਮੈਨੂੰ ਦੱਸਿਆ ਹੈ ਕਿ ਤੂੰ ਤੇ ਸ਼ੈਰੀ ਨੇ ਇੱਕੋ ਕਾਲਜ ਤੋਂ ਬੀ ਟੈੱਕ ਕੀਤੀ ਹੈ ਤੇ ਹੁਣ ਇੱਕੋ ਕੰਪਨੀ ਵਿੱਚ ਨੌਕਰੀ ਕਰਦੇ ਹੋ। ਚਲੋ ਚੰਗਾ ਹੈ, ਦੋਨਾਂ ਨੇ ਇੱਕ ਦੂਜੇ ਨੂੰਚੰਗੀ ਤਰ੍ਹਾਂ ਜਾਣ ਲਿਆ ਹੋਣਾ।”
ਰੂਬੀ ਨੇ ਸ਼ਰਮਾਉਂਦਿਆਂ ਹਾਂ ਵਿੱਚ ਸਿਰ ਹਿਲਾਇਆ।ਨੌਕਰਾਣੀ ਚਾਹ ਦੇ ਗਈ ਤੇ ਚਾਹ ਦੀਆਂ ਚੁਸਕੀਆਂ ਲੈਂਦੇ ਹੋਏਸ਼ੈਰੀ ਦੀ ਮੰਮੀ ਨੇ ਕਿਹਾ, “ਸ਼ੈਰੀ ਮੇਰਾ ਇਕਲੌਤਾ ਬੇਟਾ ਹੈ। ਮਾਨਸਾਹਿਬ (ਸ਼ੈਰੀ ਦੇ ਪਿਤਾ) ਚੰਗੇ ਅਹੁਦੇ ਤੇ ਸਨ। ਬਹੁਤ ਜ਼ਮੀਨਜਾਇਦਾਦ ਛੱਡ ਗਏ ਹਨ। ਮੈਂ ਤਾਂ ਉਹਨਾਂ ਦੇ ਤੁਰ ਜਾਣ ਤੋਂਬਾਅਦ ‘ਲੋਕ ਭਲਾਈ’ ਸਮਾਜ ਸੇਵੀ ਸੰਸਥਾ ਨਾਲ ਜੁੜ ਕੇਸਮਾਜ ਸੇਵਾ ਕਰ ਰਹੀ ਹਾਂ।”
ਰੂਬੀ ਇੱਕ ਦਮ ਬੋਲੀ, “ਵਾਹ ਅੰਟੀ ! ਮੇਰੇ ਮੰਮੀ ਪਾਪਾ ਵੀਇੱਕ ਸਮਾਜ ਸੇਵੀ ਸੰਸਥਾ ‘ਏਕ ਨੂਰ’ ਚਲਾ ਰਹੇ ਹਨ।”
“ਅੱਛਾ—-ਕੀ ਨਾਂ ਹੈ ਤੁਹਾਡੇ ਮੰਮੀ ਪਾਪਾ ਦਾ ?” ਸ਼ੈਰੀਦੀ ਮੰਮੀ ਨੇ ਪੁੱਛਿਆ।
“ਜੀ—-ਮੇਰੇ ਪਿਤਾ ਡਾਕਟਰ ਅਸਲਮ ਖਾਨ ਤੇ ਮਾਤਾਡਾਕਟਰ ਗੁਰਮੀਤ ਕੌਰ ਹਨ।” ਰੂਬੀ ਨੇ ਮਾਣ ਨਾਲ ਕਿਹਾ।
“ਹੈਂ—ਕਹਿੰਦਿਆਂ ਉਹਨਾਂ ਦੇ ਹੱਥ ਵਿੱਚ ਫੜਿਆ ਚਾਹਦਾ ਕੱਪ ਥਰਥਰਾਉਣ ਲੱਗਿਆ ਤੇ ਉਸ ਨੇ ਆਪਣੇ ਆਪ ਨੂੰਸੰਭਾਲਦਿਆਂ ਮਰੀ ਆਵਾਜ਼ ਵਿੱਚ ਕਿਹਾ, ਸ਼ੈਰੀ ! ਇਹ ਤਾਂ ਤੂੰਦੱਸਿਆ ਹੀ ਨਹੀਂ ਕਿ—–।”