ਸਰਪਰਾਈਜ਼ ਗਿਫ਼ਟ

ਅੱਜ ਉਸ ਦੇ ਵਿਆਹ ਦੀ ਨੌਵੀਂ ਸਾਲਗਿਰ੍ਹਾ ਸੀ, ਕਿੰਨੀ ਵਾਰ ਤਾਂ ਉਹ ਕੈਲੰਡਰ ਵੇਖ ਚੁੱਕੀ ਸੀ। ਉਸ ਨੂੰ ਬੜੀ ਬੇਸਬਰੀ ਨਾਲ ਗਿਫ਼ਟ ਦੀ ਉਡੀਕ ਸੀ, ਕਦੇ ਸੋਚੇ ਸੂਟ ਹੋਵੇਗਾ ਕਦੇ ਸੋਚੇ ਸੂਟ ਨਹੀਂ, ਸਾੜੀ ਹੋਵੇਗੀ। ਮਨ ਹੀ ਮਨ ਉਹ ਆਪਣੇ ਆਪ ਨੂੰ ਹਰ ਪੁਸ਼ਾਕ ਵਿੱਚ ਸਜੀ ਵੇਖਦੀ ਰਹੀ, ਦਰਅਸਲ ਇੰਨੀ ਖੁਸ਼ ਉਹ ਇਸ ਲਈ ਸੀ ਕਿ ਗਿਫ਼ਟ ਉਹਨੂੰ ਪਹਿਲੀ ਵਾਰ ਮਿਲ ਰਿਹਾ ਸੀ, ਸਾਲਗਿਰ੍ਹਾ ਤਾਂ ਪਹਿਲੇ ਵੀ ਬਹੁਤ ਵਾਰੀ ਆਈ ਪਰ ਉਹਦੇ ਪਤੀ ਨੇ ਗਿਫ਼ਟ ਤਾਂ ਕਿ ਉਹਨੂੰ ਵਧਾਈ ਤਕ ਨਹੀਂ ਸੀ ਕਦੀ ਦਿੱਤੀ। ਉਹ ਹਰ ਸਾਲ ਹੀ ਆਪਣੀ ਕਿਸਮਤ ਨੂੰ ਕੋਸਦੀ ਰਹਿੰਦੀ।

ਕੱਲ੍ਹ ਉਸ ਦੀ ਬੇਟੀ ਨੇ ਕਿਹਾ ਸੀ, ‘ ਮੰਮੀ ! ਪਾਪਾ ਤੁਹਾਨੂੰ ਬਹੁਤ ਵਧੀਆ ਗਿਫ਼ਟ ਦੇਣਗੇ। ਉਹਨੇ ਪਾਪਾ ਨੂੰ ਇਹ ਕਹਿੰਦੇ ਸੁਣਿਆ ਸੀ, ਯਾਰ ਪੌਲੀਥੀਨ ‘ਚ ਚੰਗੀ ਤਰ੍ਹਾਂ ਪੈਕ ਕਰਕੇ ਦੇਈਂ ਤੇ ਨਾਲੇ ਮੈਨੂੰ ਦੇਖ ਕੇ ਹੌਲੀ ਹੌਲੀ ਗੱਲ ਕਰਨ ਲੱਗ ਪਏ ਸੀ ,ਤਾਂ ਹੀ ਤਾਂ ਉਹਨੂੰ ਪਤਾ ਲੱਗਿਆ।’

ਉਸਨੇ ਸੋਚਿਆ ‘ਹੱਥ ਨਹੀਂ ਪੈਂਦਾ ਹੋਣਾ ਤਾਂ ਹੀ ਵਿਚਾਰੇ ਕਦੇ ਕੁਝ ਨਹੀਂ ਦੇ ਸਕੇ ,ਰਸਮੀ ਮੁਬਾਰਕਬਾਦ ਕਹਿੰਦੇ ਵੀ ਸ਼ਰਮ ਆਉਂਦੀ ਹੋਣੀ ਐਂ। ਮੈਂ ਖਾਹ-ਮਖਾਹ ਗੁੱਸੇ ਹੋ ਜਾਂਦੀ ਹਾਂ, ਹੁਣ ਤਾਂ ਮੈਂ ਆਪਣੀਆਂ ਸਹੇਲੀਆਂ ਨੂੰ ਕਹਾਂਗੀ ਮੇਰੇ ਹਸਬੈਂਡ ਨੇ ਮੈਨੂੰ ਸਰਪ੍ਰਾਈਜ਼ ਗਿਫ਼ਟ ਦਿੱਤੇ ਜਿੱਦਾਂ ਮੈਂ ਈਰਖਾ ਭਰੀਆਂ ਨਜ਼ਰਾਂ ਨਾਲ ਉਨ੍ਹਾਂ ਨੂੰ ਤੱਕਦੀ ਹਾਂ ਹੁਣ ਏਦਾਂ ਹੀ ਉਹ ਮੈਨੂੰ ਤਕਣਗੀਆਂ।’

ਦੁਪਹਿਰ ਵੀ ਲੰਘ ਗਈ , ਪਤੀ ਦੇਵ ਨਹਾ ਧੋ ਕੇ ਆਰਾਮ ਕਰਨ ਲਈ ਗਏ, ਹੁਣ ਸੋਚੇ ‘ਮੈਂ ਕਾਹਲੀ ਕਿਉਂ ਹੋ ਰਹੀ ਆਂ ਸ਼ਾਮ ਨੂੰ ਦੇ ਦੇਣਗੇ, ਸਿੱਧੇ ਗਿਫਟ ਫੜਾ ਦਿਓ ਤਾਂ ਉਹ ਉਤਸੁਕਤਾ ਨਹੀਂ ਰਹਿੰਦੀ।’ ਇੰਨੇ ‘ਚ ਕਿਸੇ ਨੇ ਬੂਹਾ ਖੜਕਾਇਆ ।
ਉਸ ਨੇ ਬੂਹਾ ਖੋਲ੍ਹਿਆ, ਇੱਕ ਆਦਮੀ ਖੜ੍ਹਾ ਸੀ। ਉਸ ਦੇ ਹੱਥ ਵਿੱਚ ਇੱਕ ਥੈਲਾ ਸੀ, ਉਸ ਨੇ ਅੰਦਰ ਆਉਣ ਲਈ ਕਿਹਾ ਤਾਂ ਉਹ ਬੋਲਿਆ, ‘ਮੈਨੂੰ ਜ਼ਰੂਰੀ ਕੰਮ ਹੈ ਇਹ ਥੈਲਾ ਸਾਹਿਬ ਨੂੰ ਜ਼ਰਾ ਸੰਭਾਲ ਕੇ ਦੇ ਦੇਣਾ’ , ਉਹ ਸਮਝ ਗਈ ਇਹੀ ਗਿਫ਼ਟ ਹੈ ਤੇ ਹੋਰ ਤੀਬਰਤਾ ਨਾਲ ਪਤੀ ਦੇ ਉੱਠਣ ਦਾ ਇੰਤਜ਼ਾਰ ਕਰਨ ਲੱਗੀ ਪਰ ਉਸ ਤੋਂ ਜ਼ਿਆਦਾ ਦੇਰ ਰਿਹਾ ਨਾ ਗਿਆ ਪਤੀ ਨੂੰ ਦੇਣ ਤੋਂ ਪਹਿਲਾਂ ਹੀ ਉਸ ਨੇ ਥੈਲਾ ਖੋਲ੍ਹ ਕੇ ਵੇਖਿਆ, ਪੌਲੀਥੀਨ ਵਿੱਚ ਸ਼ਰਾਬ ਦੀਆਂ ਦੋ ਬੋਤਲਾਂ ਸਨ ਤੇ ਨਾਲ ਇੱਕ ਚਿੱਠੀ ਸੀ ਜਿਹਦੇ ‘ਚ ਲਿਖਿਆ ਸੀ ਭਾਬੀ ਨੂੰ ਦੋ ਹੋਰ ਬੰਦਿਆਂ ਦਾ ਖਾਣਾ ਬਣਾਉਣ ਲਈ ਕਹਿ ਦੇਵੀਂ ।