ਢਾਹਾਂ ਇਨਾਮ ਅਤੇ ਪੰਜਾਬੀ ਗਲਪ

ਸ. ਬਰਜਿੰਦਰ ਸਿੰਘ ਢਾਹਾਂ (ਬਰਜ ਢਾਹਾਂ) ਅਤੇ ਉਹਨਾਂ ਦੀ ਟੀਮ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਨਾਵਲ ਅਤੇ ਕਹਾਣੀ ਦੇ ਖੇਤਰ ਵਿੱਚ ਇੱਕ ਵੱਡਾ ਇਨਾਮ ਦੇ ਰਹੇ ਹਨ ਜੋ ਸਰਵੋਤਮ ਨਾਵਲ ਨੂੰ 25 ਲੱਖ ਰੁਪਏ ਦਾ ਹੈ ਅਤੇ ਕਹਾਣੀ ਸੰਗ੍ਰਹਿ ਨੂੰ 10 ਲੱਖ ਦਾ ਇਨਾਮ ਦਿੱਤਾ ਜਾਂਦਾ ਹੈ । ਜਿਸ ਵੀ ਗਲਪਕਾਰ ਨੂੰ ਇਹ ਇਨਾਮ ਮਿਲ ਜਾਂਦਾ ਹੈ ਉਸ ਨੂੰ ਪੰਜਾਬੀ ਸਾਹਿਤ ਜਗਤ ਵਿੱਚ ਇੱਕ ਸਥਾਪਿਤ ਗਲਪਕਾਰ ਵਜੋਂ ਪਛਾਣ ਮਿਲ ਜਾਂਦੀ ਹੈ। ਪੰਜਾਬੀ ਸਾਹਿਤ ਨੂੰ ਮਿਲਣ ਵਾਲੇ ਇਨਾਮਾਂ ਸਨਮਾਨਾਂ ਵਿੱਚ ਕਿਉਂਕਿ ਇਹ ਸਭ ਤੋਂ ਵੱਡਾ ਇਨਾਮ ਸਨਮਾਨ ਹੈ ਜਿਸ ਨੂੰ ਪ੍ਰਾਪਤ ਕਰਨ ਲਈ ਸੈਂਕੜਿਆਂ ਦੀ ਗਿਣਤੀ ਵਿੱਚ ਨਾਵਲ ਅਤੇ ਕਹਾਣੀ ਸੰਗ੍ਰਹਿ ਮੁਕਾਬਲੇ ਲਈ ਪੁੱਜਦੇ ਹਨ। ਇਸ ਨਾਮੀ ਮੁਕਾਬਲੇ ਵਿੱਚ ਹਿੱਸਾ ਲੈਣ ਦੀ ਹਰ ਇੱਕ ਲੇਖਕ ਦੀ ਇੱਛਾ ਹੁੰਦੀ ਹੈ। ਕਿਉਂਕਿ ਇਹ ਇਨਾਮ ਕੇਵਲ ਗਲਪ ਦੇ ਖੇਤਰ ਵਿੱਚ ਹੀ ਦਿੱਤਾ ਜਾਂਦਾ ਹੈ ਇਸ ਲਈ ਕਈ ਪੰਜਾਬੀ ਦੇ ਸਥਾਪਿਤ ਕਵੀ ਵੀ ਇਸ ਮੁਕਾਬਲੇ ਦੇ ਪ੍ਰਤੀਭਾਗੀ ਬਣਨ ਲਈ ਨਾਵਲ ਅਤੇ ਕਹਾਣੀ ਲੇਖਣ ਦੇ ਵਿੱਚ ਹੱਥ ਅਜਮਾਈ ਕਰਨ ਲੱਗ ਪਏ ਹਨ। ਫਲਸਵਰੂਪ ਪੰਜਾਬੀ ਨਾਵਲ ਅਤੇ ਕਹਾਣੀ ਦੇ ਖੇਤਰ ਵਿੱਚ ਇਹਨਾਂ ਦੋ ਵਿਧਾਵਾਂ ਦੀ ਸਿਰਜਣਾ ਨੇ ਪਿਛਲੇ ਲੰਮੇ ਸਮੇਂ ਤੋਂ ਕਾਫੀ ਜ਼ੋਰ ਫੜਿਆ ਹੋਇਆ ਹੈ। ਮੈਂ ਸਮਝਦਾ ਹਾਂ ਕਿ ਇਸ ਇਨਾਮ ਦੇ ਪ੍ਰਭਾਵ ਸਦਕਾ ਪੰਜਾਬੀ ਨਾਵਲ ਦੀ ਵਿਧਾ ਵੀ ਕਾਫੀ ਪ੍ਰਭਾਵਿਤ ਹੋਈ ਹੈ। ਦੇਖਣ ਵਿੱਚ ਆਇਆ ਹੈ ਕਿ ਲੇਖਕਾਂ ਨੇ ਸਫਰਨਾਮਿਆਂ ਅਤੇ ਜੀਵਨੀ ਮੁਲਕ ਰਚਨਾਵਾਂ ਨੂੰ ਵੀ ਨਾਵਲ ਦੇ ਰੂਪ ਵਿੱਚ ਪਰੋਸਣਾਂ ਸ਼ੁਰੂ ਕਰ ਦਿੱਤਾ ਹੈ ਜਿਸ ਨਾਲ ਨਾਵਲੀ ਵਿਧਾ ਦੀਆਂ ਸੀਮਾਵਾਂ ਟੁੱਟੀਆਂ ਹਨ ਅਤੇ ਵਿਧਾ ਦੇ ਖੇਤਰ ਵਿੱਚ ਭਿੰਨ ਸੁਤੰਤਰ ਵਿਧਾਵਾਂ ਇੱਕ ਦੂਸਰੇ ਵਿੱਚ ਦਖਲ ਦਿੰਦੀਆਂ ਦਿਖਾਈ ਦੇ ਰਹੀਆਂ ਹਨ। ਬਲਦੇਵ ਸਿੰਘ ਸੜਕਨਾਮਾ ਨੇ ਪੰਜਾਬੀ ਪੰਜਾਬ ਦੇ ਇਤਿਹਾਸ ਵਿੱਚ ਮਿਲਦੇ ਨਾਇਕਾਂ, ਮਹਾਂ ਨਾਇਕਾਂ ਦੀਆਂ ਜੀਵਨੀਆਂ ਨੂੰ ਆਧਾਰ ਬਣਾ ਕੇ ਨਾਵਲ ਰਚਨਾ ਕੀਤੀ। ਮੈਂ ਸਮਝਦਾ ਹਾਂ ਕਿ ਅਜਿਹਾ ਕਰਨਾ ਪੰਜਾਬ ਦੇ ਇਤਿਹਾਸ ਵਿੱਚ ਬਹੁਤ ਸਾਰੀਆਂ ਅਤਿਕਥਨੀਆਂ ਅਤੇ ਮਨੋਕਲਪਿਤ ਵਾਧੇ ਘਾਟੇ ਕਰਨਾ ਹੋਵੇਗਾ ਜੋ ਭਵਿੱਖ ਵਿੱਚ ਇਹਨਾਂ ਨਾਇਕਾਂ ਦੇ ਇਤਿਹਾਸਿਕ ਜੀਵਨ ਚਰਿਤਰ ਸਬੰਧੀ ਬਹੁਤ ਸਾਰੇ ਭਰਮ ਭੁਲੇਖੇ ਵੀ ਪੈਦਾ ਕਰ ਦੇਵੇਗਾ। ਮੇਰਾ ਵਿਚਾਰ ਹੈ ਕਿ ਨਾਵਲ ਦੀ ਵਿਧਾ ਇੱਕ ਸੁਤੰਤਰ ਵਿਧਾ ਹੈ ਇਸ ਨੂੰ ਫਿਕਸ਼ਨ ਇਸੇ ਕਰਕੇ ਆਖਿਆ ਜਾਂਦਾ ਹੈ ਕਿਉਂਕਿ ਇਹ ਫਿਕਟੀਸ਼ੀਅਸ ਹੁੰਦੀ ਹੈ ਭਾਵ ਮਨੋਕਲਪਿਤ ਹੁੰਦੀ ਹੈ। ਲੇਖਕ ਇਸ ਦੁਨੀਆ ਵਰਗੀ ਇੱਕ ਦੁਨੀਆ ਵਸਾ ਕੇ ਉਸ ਨੂੰ ਨਾਵਲ ਦਾ ਰੂਪ ਦਿੰਦਾ ਹੈ ਅਤੇ ਆਪਣਾ ਇੱਕ ਖਾਸ ਸੁਨੇਹਾ ਪਾਠਕ ਤੱਕ ਪਹੁੰਚਾਉਣ ਦਾ ਯਤਨ ਕਰਦਾ ਹੈ। ਉਸ ਨਕਲੀ ਤੇ ਆਪੇ ਘੜੇ ਕਥਾ ਸੰਸਾਰ ਵਿੱਚੋਂ ਸਮੇਂ ਦੇ ਸਮਾਜ ਦਾ ਸੱਭਿਆਚਾਰ, ਰਾਜਨੀਤੀ, ਧਰਮ, ਕਦਰਾਂ ਕੀਮਤਾਂ ਆਦਿ ਦਾ ਸਮੁੱਚਾ ਸਮਾਜਿਕ ਬਿੰਬ ਵੀ ਝਲਕਾਰੇ ਮਾਰਦਾ ਦਿਖਾਈ ਦਿੰਦਾ ਹੈ। ਇਸ ਕਰਕੇ ਨਾਵਲ ਨੂੰ ਜੀਵਨੀ, ਸਵੈਜੀਵਨੀ ਅਤੇ ਸਫਰਨਾਮੇ ਨਾਲ ਰਲਗਡ ਕਰਨਾ ਠੀਕ ਨਹੀਂ। ਇਹਨਾਂ ਸੁਤੰਤਰ ਵਿਧਾਵਾਂ ਦੀ ਅਲੱਗ ਪਹਿਚਾਣ ਵੀ ਲੇਖਕਾਂ ਨੂੰ ਕਾਇਮ ਰੱਖਣੀ ਹੋਵੇਗੀ । ਨਾਵਲ ਲਿਖਣ ਦੇ ਲਾਲਚ ਵਿੱਚ ਇਹਨਾਂ ਵਿਧਾਵਾਂ ਨੂੰ ਰਲਗਡ ਕਰਨਾ ਸਾਹਿਤਿਕ ਨੈਤਿਕਤਾ ਦੇ ਖਿਲਾਫ਼ ਹੈ।