ਪਹਿਲੀ ਮਜ਼ਦੂਰੀ

ਆਲੂਆਂ ਦੇ ਘਾਟੇ ਨੇ ਉਨੀ ਸੌ ਅੱਸੀ ਕਿਆਸੀ ਵਿੱਚ ਬੜੇ ਜ਼ਿਮੀਦਾਰ ਬਰਬਾਦ ਕੀਤੇ। ਬਦਕਿਸਮਤੀ ਨਾਲ ਮੇਰਾ ਵੀ ਨੰਬਰ ਉਨ੍ਹਾਂ ਜ਼ਿਮੀਦਾਰਾਂ ਵਿੱਚ ਸੀ।

ਜਿੰਨਾ ਵੱਡਾ ਜ਼ਿਮੀਦਾਰ ਉਨੀ ਵੱਡੀ ਬਰਬਾਦੀ। ਮੇਰੀ ਖੇਤੀ ਸਾਡੇ ਇਲਾਕੇ ਵਿੱਚ ਮੰਨੀ ਪਰਮੰਨੀ ਹੋਇਆ ਕਰਦੀ ਸੀ। ਆਲੂਆਂ ਦੇ ਸੀਜ਼ਨ ਵਿੱਚ ਕਈ ਵਾਰ ਦੋ ਦੋ ਸੌ ਬੰਦਾ ਸਾਡੇ ਖੇਤਾਂ ਵਿੱਚ ਕੰਮ ਕਰਿਆ ਕਰਦਾ ਸੀ। ਆਲੂਆਂ ਦੀ ਭਰੀ ਬੋਰੀ ਸੱਤ ਰੁਪਏ ਦੀ ਵਿਕਦੀ ਤੇ ਖ਼ਾਲੀ ਨਵੀਂ ਬੋਰੀ ਦਾ ਮੁੱਲ ਸਾਢੇ ਸੱਤ ਸੀ। ਐਨਾਂ ਘਾਟਾ ਪਿਆ ਕਿ ਸਮਝ ਨਾ ਆਵੇ ਕੀ ਕਰਾਂ। ਖੇਤੀ ਦੇ ਸਾਰੇ ਸੰਦ, ਟਰੈਕਟਰ ਟਰਾਲੀਆਂ ਵੇਚ ਕੇ ਵੀ ਮੇਰੇ ਸਿਰ ਤਕਰੀਬਨ ਨੱਬੇ ਹਜ਼ਾਰ ਰੁਪਏ ਕਰਜ਼ਾ ਰਹਿ ਗਿਆ। ਘਰ ਦੇ ਖਰਚੇ ਲਈ ਵੀ ਤੰਗੀ ਮਹਿਸੂਸ ਹੋਣ ਲੱਗੀ। ਹਰਪ੍ਰੀਤ ਨੂੰ ਉਸ ਦੇ ਪੇਕੇ ਛੱਡ ਕੇ ਨਿੱਕੇ ਨਿੱਕੇ ਦੋ ਬੱਚੇ ਵੀ ਉਸ ਦੇ ਕੋਲ ਰੇੜੇ ਬਿਠਾ ਕੇ ਮੈਂ ਘਰੋਂ ਨਿਕਲ ਤੁਰਿਆ। ਏਨਾ ਵੀ ਨਹੀਂ ਸੀ ਪਤਾ ਕਿ ਮੰਜ਼ਿਲ ਕਿਹੜੀ ਪਰ ਆਪਣੇ ਵਾਤਾਵਰਣ ਵਿੱਚ ਐਨਾ ਦਮ ਘੁੱਟਦਾ ਸੀ ਕਿ ਬਿਨਾਂ ਰਸਤੇ ਡਾਂਡੇ ਮੀਂਡੇ ਹੀ ਹੋ ਤੁਰਿਆ। ਮਨ ਵਿੱਚ ਬੱਸ ਇੱਕ ਹੀ ਸੋਚ, ਜਿੱਥ ਰੱਖੇਂ ਮੇਰੇ ਸਾਈਂਆਂ।

ਬੜੇ ਭਾਈ ਦੀਆਂ ਗੱਲਾਂ ਵਿੱਚ ਆ ਕੇ ਮੈਂ ਦਿੱਲੀ ਆ ਗਿਆ। ਸਾਡੇ ਪਿੰਡ ਦਾ ਪਰਮਜੀਤ ਜਿਸ ਨੂੰ ਮੈਂ ਹਮੇਸ਼ਾ ਬੜਾ ਭਾਈ ਆਖਿਆ ਕਰਦਾ ਸੀ, ਬੜਾ ਫਿਰਿਆ ਤੁਰਿਆ ਬੰਦਾ ਸੀ। ਗਰੀਸ ਦੇ ਸ਼ਿਪਾਂ ਦੀਆਂ ਗੱਲਾਂ ਸੁਣਾਂ ਸੁਣਾਂ ਕੇ ਮੇਰੇ ਦਿਲ ਵਿੱਚ ਸ਼ਿਪ ਵਿੱਚ ਨੌਕਰੀ ਕਰਨ ਦੀ ਰੀਝ ਪੈਦਾ ਕਰ ਦਿੱਤੀ। ਦਿੱਲੀ ਮੈਟਰੋ ਹੋਟਲ ਦੇ ਮਾਂਗੂਆਣੇ ਨੇ ਬੜਾ ਲਹੂ ਪੀਤਾ ਪਰ ਆਪਣੇ ਘਰ ਦੇ ਮਖਮਲੀ ਬਿਸਤਰੇ ਨੂੰ ਮੈਂ ਜ਼ਰਾ ਵੀ ਯਾਦ ਨਾ ਕੀਤਾ। ਬੱਸ ਇੱਕ ਹੀ ਰੀਝ ਕਿ ਕੋਈ ਉਪਰਾਲਾ ਕੀਤਾ ਜਾਵੇ ਜਿਸ ਨਾਲ ਮੈਂ ਆਪਣਾ ਕਰਜ਼ਾ ਲਾਹ ਦਿਆਂ। ਮੈਨੂੰ ਇਵੇਂ ਲੱਗੇ ਜਿਵੇਂ ਬੜਾ ਭਾਈ ਮੇਰੇ ਵਾਸਤੇ ਕੋਈ ਤਰੀਕਾ ਲੱਭ ਰਿਹਾ ਹੈ ਲੇਕਿਨ ਓਦੋਂ ਹੀ ਪਤਾ ਲੱਗਾ ਜਦ ਬੜਾ ਭਾਈ ਤਾਂ ਸ਼ਿਪ ਤੇ ਜਾ ਚੜ੍ਹਿਆ ਤੇ ਮੈਂ ਦਿੱਲੀ ਦੀ ਭੀੜ ਵਿੱਚ ਭਟਕਦਾ ਰਿਹਾ। ਉਦੇ ਬਦਮਾਸ਼ ਦਾ ਪੁੱਤਰ ਤਰਸੇਮ ਦਿੱਲੀ ਹੀ ਮਿਲਿਆ। ਬੜਾ ਸਾਫ ਦਿਲ ਇਨਸਾਨ, ਨਿੱਕਾ ਜਿਹਾ ਕੱਦ ਕਾਠ, ਭਾਵੇਂ ਵਿਦੇਸ਼ਾਂ ਵਿੱਚ ਨੌਕਰੀ ਕਰਨ ਦਾ ਉਸ ਨੂੰ ਤਜਰਬਾ ਸੀ ਪਰ ਦੇਖਣੀਪਾਣੀ ਤੇ ਬੋਲ ਚਾਲ ‘ਚੋਂ ਸਾਦਾ ਜਿਹਾ ਪੰਜਾਬੀ ਮੁੰਡਾ ਲੱਗਦਾ ਸੀ। ਤਰਸੇਮ ਨੇ ਮੈਨੂੰ ਦੱਸਿਆ ਕਿ ਇਟਲੀ ‘ਚੋਂ ਕਈ ਵਾਰੀ ਪੰਜਾਬੀ ਮੁੰਡੇ ਸ਼ਿਪ ਤੇ ਚੜ੍ਹਦੇ ਹਨ।

ਤਰਸੇਮ ਤੇ ਮੈਂ ਇਟਲੀ ਦਾ ਵੀਜ਼ਾ ਲੈ ਕੇ ਇਟਲੀ ਜਾਣ ਲਈ ਤਿਆਰ ਹੋ ਗਏ। ਆਪਣੇ ਵੀਰ ਜਸਵਿੰਦਰ ਕੋਲੋਂ ਕਿਰਾਏ ਜੋਗੇ ਪੈਸੇ ਲੈ ਕੇ ਅਸੀਂ ਟਿਕਟਾਂ ਬੁੱਕ ਕਰਵਾ ਲਈਆਂ। ਸਭ ਤੋਂ ਸਸਤੀ ਟਿਕਟ ਐਰੋਫਲੋਟ ਦੀ ਸੀ। ਰੂਸ ਵਿੱਚ ਦੀ ਇਟਲੀ ਦਾ ਸਫ਼ਰ ਤੇ ਤਰਸੇਮ ਦੀ ਕਹਾਣੀ ਬੜੀ ਦਿਲਚਸਪ ਹੈ ਜੋ ਇਸ ਕਹਾਣੀ ਵਿੱਚ ਨਹੀਂ ਸਮਾ ਸਕਦੀ। ਇਹ ਮੇਰੀ ਪਹਿਲੀ ਵਿਦੇਸ਼ ਯਾਤਰਾ ਸੀ ਇਸ ਬਾਰੇ ਵੀ ਅਗਲਿਆਂ ਪੰਨਿਆਂ ‘ਤੇ ਵਿਸਥਾਰ ਨਾਲ ਲਿਖਾਂਗਾ। ਰੋਮ ਸ਼ਹਿਰ ਦੇ ਮੇਨ ਟਰਮੀਨਲ ‘ਤੇ ਇੱਕ ਦਿਨ ਸ਼ਾਮ ਦੇ ਵਕਤ ਮੈਨੂੰ ਕੁਝ ਪੰਜਾਬੀ ਮੁੰਡੇ ਮਿਲੇ। ਚਾਰ ਪੰਜ ਮੁੰਡੇ ਇਕੱਠੇ ਘੁੰਮ ਰਹੇ ਸੀ। ਗੱਲਾਂ ਬਾਤਾਂ ਤੋਂ ਪਤਾ ਲੱਗਾ ਕਿ ਉਹ ਰੋਮ ਸ਼ਹਿਰ ਤੋਂ ਬਾਹਰ ਕਿਸੇ ਦੇ ਖੇਤਾਂ ਵਿੱਚ ਰਹਿੰਦੇ ਹਨ ਤੇ ਖੇਤਾਂ ਵਿੱਚ ਹੀ ਕੰਮ ਕਰਦੇ ਹਨ। ਜਾਣ ਲੱਗੇ ਮੈਨੂੰ ਆਪਣਾ ਪਤਾ ਦੇ ਕੇ ਗਏ ਤੇ ਨਾਲੇ ਦਿਲਚਸਪੀ ਨਾਲ ਆਖਿਆ, ਸਾਡੇ ਕੋਲ ਆਈਂ ਬ੍ਰਾਅ ਬਹਿ ਕੇ ਪੰਜਾਬ ਦੀਆਂ ਗੱਲਾਂ ਸੁਣਾਗੇ, ਬੜਾ ਚਿਰ ਹੋਇਆ ਪੰਜਾਬ ਛੱਡਿਆ, ਇੱਕ ਮੁੰਡੇ ਨੇ ਦਰਦ ਭਰੀ ਆਵਾਜ਼ ਵਿੱਚ ਕਿਹਾ। ਉਨ੍ਹਾਂ ਸਾਰਿਆਂ ਨੇ ਮਜ਼ਦੂਰਾਂ ਵਾਲੇ ਕੱਪੜੇ ਪਾਏ ਹੋਏ ਸੀ। ਮੇਰੇ ਵੱਲ ਬੜੀ ਨੀਝ ਨਾਲ ਦੇਖ ਰਹੇ ਸੀ ਜਾਣ ਲੱਗੇ ਦੋਹਾਂ ਤਿੰਨਾਂ ਨੇ ਤਾਂ ਅੱਖਾਂ ਵੀ ਭਰ ਲਈਆਂ। ਆਪਣੀ ਚੁੱਪ ਵਿੱਚ ਜਿਵੇਂ ਕਹਿ ਰਹੇ ਹੋਣ ਸਾਡੇ ਵਾਂਗ ਤੂੰ ਵੀ ਛੇਤੀ ਰੁਲ ਜਾਏਂਗਾ।

ਸਾਰੀ ਰਾਤ ਮੈਂ ਉਨ੍ਹਾਂ ਪੰਜਾਬੀ ਮੁੰਡਿਆਂ ਬਾਰੇ ਸੋਚਦਾ ਰਿਹਾ ਇਹ ਵੀ ਪਤਾ ਨਹੀਂ ਇੱਜ਼ਤਦਾਰ ਘਰਾਂ ਦੇ ਹੋਣ, ਦਿਲ ਕਰੇ ਉਨ੍ਹਾਂ ਨੂੰ ਲੱਭ ਕੇ ਗੱਲਾਂ ਕਰਾਂ ਰਾਤ ਨੀਂਦ ਨਾ ਆਈ ਤੜਕਸਾਰ ਕਿਤੇ ਅੱਖ ਲੱਗੀ ਤੇ ਮੈਂ ਕਵੇਲੇ ਉਠਿਆ। ਲੱਡਦਾ ਲਡਾਉਂਦਾ ਸ਼ਾਮ ਤੱਕ ਮੈਂ ਖੇਤਾਂ ਵਿੱਚ ਪਹੁੰਚ ਗਿਆ। ਰੇਲ ਗੱਡੀ ਦਾ ਇੱਕ ਪੁਰਾਣਾ ਡੱਬਾ ਖੇਤਾਂ ਵਿੱਚ ਪਿਆ ਸੀ ਜਿਸ ਡੱਬੇ ਵਿੱਚ ਸਾਰੇ ਸੌਂਦੇ ਸਨ। ਅਸੀਂ ਕਾਫੀ ਦੇਰ ਗੱਲਾਂ ਕਰਦੇ ਰਹੇ, ਜਦੋਂ ਸੰਧਿਆਂ ਵੇਲੇ ਦਾ ਘੁਸਮੁਸਾ ਜਿਹਾ ਹੋਣ ਲੱਗਾ ਤਾਂ ਹੱਥ ਪੈਰ ਧੋਅ ਕੇ ਮੈਂ ਰਹਿਰਾਸ ਦਾ ਪਾਠ ਕੀਤਾ। ਜਿਸ ਤਰਾਂ ਦਾ ਵੀ ਕੱਪੜਾ ਹੱਥ ਆਇਆ ਸਾਰਿਆਂ ਨੇ ਸਿਰ ਢਕ ਕੇ ਤੇ ਟਿਕ ਟਿਕੀ ਲਾਅ ਕੇ ਪਾਠ ਸੁਣਿਆਂ, ਅਰਦਾਸ ਕਰਨ ਤੋਂ ਬਾਅਦ ਜਦ ਰੋਟੀ ਖਾਣ ਲੱਗੇ ਜੋ ਕਿ ਸਾਰਿਆਂ ਨੇ ਰਲ ਮਿਲ ਕੇ ਬਣਾਈ ਸੀ, ਤਾਂ ਸਾਰੇ ਇੱਕ ਦੂਜੇ ਵੱਲ ਦੇਖਣ ਲੱਗੇ। ਇੱਕ ਮੁੰਡੇ ਨੇ ਜਕਦੇ ਜਕਦੇ ਦੱਸਿਆ ਕਿ ਪਾਣੀ ਦੇ ਥਾਂ ਸਾਰੇ ਵੈਣ ਵੀ ਪੀਂਦੇ ਹਨ। ਬਹੁਤਾ ਨਸ਼ਾ ਨਹੀਂ ਹੁੰਦਾ, ਬੀਅਰ ਨਾਲੋਂ ਵੀ ਘੱਟ ਨਸ਼ਾ ਹੁੰਦਾ – ਮੈਂ ਕਿਹਾ ਕੋਈ ਗੱਲ ਨਹੀਂ, ਪਾਠ ਕਰਨ ਨਾਲ ਤਾਂ ਸਕੂਨ ਮਿਲਦਾ ਹੈ ਲੇਕਿਨ ਬਹੁਤੇ ਸਿੱਖ ਲੋਕੀ ਵੈਜੀਟੇਰੀਅਨ ਨਹੀਂ ਹਨ। ਖਾਣਾ ਖਾਣ ਤੋਂ ਬਾਅਦ ਵੀ ਸਾਰੇ ਬੈਠ ਕੇ ਅਸੀਂ ਪੀਣ ਤੱਕ ਗੱਲਾਂ ਕਰਦੇ ਰਹੇ।

ਸਵੇਰੇ ਜਦ ਸਾਰੇ ਕੰਮ ਤੇ ਜਾਣ ਲੱਗੇ ਤਾਂ ਇੱਕ ਗਵਾਂਢੀ ਕਿਸਾਨ ਆ ਕੇ ਕਹਿਣ ਲੱਗਾ ਕਿ ਉਸ ਨੂੰ ਇੱਕ ਦਿਹਾੜੀਦਾਰ ਦੀ ਲੋੜ ਹੈ। ਸਾਰੇ ਮੈਨੂੰ ਕਹਿਣ ਲੱਗੇ ਕਿ ਮੈਂ ਦਿਹਾੜੀ ਲਾ ਆਵਾਂ। ਮੇਰਾ ਵੀ ਕੰਮ ਕਰਨ ਨੂੰ ਮਨ ਕਰ ਆਇਆ, ਪੱਚੀ ਮੀਲ ਜਾਣੀ ਪੰਦਰਾਂ ਡਾਲਰ ਦਿਹਾੜੀ ਦੇਣੇ ਕਰਕੇ ਉਹ ਕਿਸਾਨ ਮੈਨੂੰ ਆਪਣੇ ਨਾਲ ਲੈ ਗਿਆ। ਟਰੈਕਟਰ ਟਰਾਲੀ ਗੈਰਾਜ ‘ਚੋਂ ਬਾਹਰ ਕੱਢ ਕੇ ਮੈਨੂੰ ਇਸ਼ਾਰਾ ਕੀਤਾ, ਛਾਲ ਮਾਰ ਕੇ ਮੈਂ ਟਰਾਲੀ ਤੇ ਚੜ੍ਹ ਗਿਆ। ਪਹਿਲਾਂ ਅਸੀਂ (ਹਸ) ਤੂੜੀ ਦੀਆਂ ਪੰਡਾਂ ਦੀ ਟਰਾਲੀ ਭਰ ਕੇ ਲਿਆਂਦੀ ਫਿਰ ਮੈਨੂੰ ਸਬਜ਼ੀਆਂ ਦੀ ਗੋਡੀ ਕਰਨ ਲਾ ਕੇ ਕਿਸਾਨ ਚਲਾ ਗਿਆ। ਮੈਨੂੰ ਬੜੀ ਭੁੱਖ ਲੱਗੀ ਹੋਈ ਸੀ, ਕਿਸੇ ਕਿਸਮ ਦੇ ਟਮਾਟਰ ਸਮਝ ਕੇ ਪਹਿਲੀ ਵਾਰ ਜ਼ਿੰਦਗੀ ਵਿੱਚ ਮੈਂ ਸਟਰਾਬੇਰੀ ਖਾ ਕੇ ਦੇਖੀ। ਕਿਸਾਨ ਆਪ ਖਾ ਆਇਆ ਤੇ ਮੇਰੇ ਲਈ ਹੋਮ ਸੈਂਡਵਿੱਚ ਲੈ ਕੇ ਆਇਆ ਜ਼ਿੰਦਗੀ ਵਿੱਚ ਪਹਿਲੀ ਵਾਰ ਮਜ਼ਦੂਰੀ ਕਰ ਰਿਹਾ ਸੀ। ਏਨੀ ਭੁੱਖ ਮੈਨੂੰ ਕਦੇ ਨਹੀਂ ਸੀ ਮਹਿਸੂਸ ਹੋਈ, ਐਨੀ ਸਵਾਦ ਲੱਗੀ ਸੈਂਡਵਿੱਚ ਕਿ ਮੈਨੂੰ ਅਜੇ ਵੀ ਕਈ ਵਾਰ ਯਾਦ ਆ ਜਾਂਦੀ ਹੈ। ਉਸ ਨੇ ਫਿਰ ਇਸ਼ਾਰਾ ਕੀਤਾ ਤੇ ਮੈਂ ਉਸ ਦੇ ਮਗਰ ਮਗਰ ਹੋ ਤੁਰਿਆ।

ਇਸ ਵਾਰ ਸੂਰਜਮੁਖੀ ਦੇ ਫੁੱਲਾਂ ਵਿੱਚ ਪਾਈਪ ਲਾਈਨ ਵਿਛਾਉਣੀ ਸੀ।

ਦਸ ਬਾਰਾਂ ਫੁੱਟ ਲੰਬੇ ਤੀਹ ਪੈਂਤੀ ਪੌਂਡ ਦੇ ਪਾਈਪ ਨੂੰ ਚੁੱਕ ਕੇ ਜਿੰਨੇ ਚਿਰ ਵਿੱਚ ਮੈਂ ਕਲਿੱਪ ਲਾਉਂਦਾ ਓਨੇ ਚਿਰ ਵਿੱਚ ਟਰੈਕਟਰ ਹੋਰ ਅੱਗੇ ਚਲਾ ਜਾਂਦਾ, ਭਾਵੇਂ ਮੇਰਾ ਸਰੀਰ ਉਸ ਵਕਤ ਪੂਰੀ ਕੰਡ ਵਿੱਚ ਸੀ ਫਿਰ ਵੀ ਮੈਂ ਦੋ ਤਿੰਨ ਘੰਟਿਆ ਵਿੱਚ ਐਨਾ ਥੱਕ ਗਿਆ ਕਿ ਬੱਸ ਪੁੱਛੋ ਨਾ। ਰੱਬ ਦੀ ਮਰਜ਼ੀ ਕਿ ਦੂਸਰੇ ਪਾਸੇ ਚੱਲ ਰਹੇ ਪਾਣੀ ਦੇ ਫੁਹਾਰੇ (ਸਪਰਿੰਕਲ) ਬੰਦ ਹੋ ਗਏ ਗੋਰਾ ਇਟਾਲੀਅਨ ਟਰੈਕਟਰ ਉਥੇ ਹੀ ਬੰਦ ਕਰਕੇ ਭੱਜ ਤੁਰਿਆ। ਮੈਂ ਵੀ ਹੌਲੀ ਹੌਲੀ ਉਸ ਦੇ ਕੋਲ ਚਲਾ ਗਿਆ। ਉਹ ਪਤਾ ਲਗਾ ਰਿਹਾ ਸੀ ਕਿ ਇੰਜਣ ਬੰਦ ਕਿਉਂ ਹੋਇਆ। ਮੈਂ ਵੀ ਖੇਤੀ ਕਰਦਾ ਗਿਆ ਸਾਂ, ਡੀਜ਼ਲ ਇੰਜਣ ਨਾਲ ਅਕਸਰ ਵਾਹ ਪੈਂਦਾ ਰਹਿੰਦਾ ਸੀ। ਮੈਂ ਤੇਲ ਵਾਲੇ ਡਰੰਮ ਵਿੱਚ ਜਦ ਠੁੱਡ ਮਾਰਿਆ ਤਾਂ ਟੰਨ ਦੀ ਆਵਾਜ਼ ਸੁਣਕੇ ਗੋਰਾ ਹੱਸਿਆ ਤੇ ਫਟਾ ਫਟ ਦੂਸਰਾ ਡਰੰਮ ਜੋ ਡੀਜ਼ਲ ਦਾ ਭਰਿਆ ਹੋਇਆ ਸੀ ਲਾ ਦਿੱਤਾ। ਪਰ ਇੰਜਣ ਫਿਰ ਵੀ ਨਾ ਚੱਲਿਆ। ਬੜੇ ਹੱਥ ਪੈਰ ਮਾਰੇ ਪਰ ਗੋਰੇ ਕੋਲੋਂ ਇੰਜਣ ਚੱਲਿਆ ਨਾ। ਅਸੀਂ ਇੱਕ ਦੂਜੇ ਦੀ ਭਾਸ਼ਾ ਨਹੀਂ ਸੀ ਜਾਣਦੇ। ਅੰਗ੍ਰੇਜ਼ੀ ਦਾ ਇੱਕ ਅੱਖਰ ਵੀ ਨਹੀਂ ਸੀ ਗੋਰਾ ਜਾਣਦਾ। ਇਸ਼ਾਰੇ ਨਾਲ ਹੀ ਮੈਂ ਸਮਝਾ ਦਿੱਤਾ ਕਿ ਜੇ ਉਹ ਇਜਾਜ਼ਤ ਦੇਵੇ ਤਾਂ ਮੈਂ ਤਰਾਹੀ ਕਰ ਕੇ ਦੇਖਾਂ। ਇਸ਼ਾਰੇ ਨਾਲ ਹੀ ਉਸ ਨੇ ਮਨਜ਼ੂਰੀ ਦੇ ਦਿੱਤੀ।

ਮੈਂ ਜਦੋਂ ਫਿਲਟਰ ਖੋਲ੍ਹੇ ਤੇ ਸਾਰੇ ਫਿਲਟਰਾਂ ਵਿੱਚ ਕਚਰਾ ਦੇਖ ਕੇ ਉਸ ਨੂੰ ਯਕੀਨ ਹੋ ਗਿਆ ਕਿ ਮੈਨੂੰ ਪਤਾ ਹੈ ਕੀ ਕਰਨਾ ਚਾਹੀਦਾ ਹੈ। ਲਵਾਡੇ ਵਰਗਾ ਇੱਕ ਬਰਤਨ ਲੈ ਕੇ ਮੈਂ ਉਸ ਵਿੱਚ ਥੋੜ੍ਹਾ ਡੀਜ਼ਲ ਪਾ ਲਿਆ। ਅੱਠ ਫਿਲਟਰ ਮੈਂ ਧੋ ਧੋ ਕੇ ਤੇ ਝਾੜ ਝਾੜ ਕੇ ਇੱਕ ਦਮ ਸਾਫ਼ ਕਰ ਲਏ। ਤੇਲ ਨਾਲ ਭਰ ਕੇ ਜਦੋਂ ਮੈਂ ਫਿਲਟਰ ਵਾਪਿਸ ਕੱਸ ਦਿੱਤੇ ਤਾਂ ਇੰਜਣ ਚੱਲ ਪਿਆ। ਇਟਾਲੀਅਨ ਜ਼ਿਮੀਂਦਾਰ ਬੜਾ ਖੁਸ਼ ਹੋਇਆ। ਛਾਲਾਂ ਮਾਰ ਮਾਰ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਉਸ ਨੇ, ਦੋ ਤਿੰਨ ਵਾਰ ਮੇਰੇ ਨਾਲ ਹੱਥ ਮਿਲਾਇਆ। ਏਨੇ ਨੂੰ ਆਥਣ ਹੋ ਗਈ ਸੀ, ਕਾਰ ਵਿੱਚ ਬਿਠਾ ਕੇ ਮੈਨੂੰ ਵਾਪਿਸ ਛੱਡ ਕੇ ਆਇਆ। ਐੱਡੀ ਵੱਡੀ ਕਾਰ ਵਿੱਚ ਮੈਂ ਪਹਿਲੀ ਵਾਰ ਬੈਠ ਕੇ ਦੇਖਿਆ। ਮੈਂ ਸੋਚ ਰਿਹਾ ਸਾਂ ਕਿ ਹੁਣ ਮੈਨੂੰ ਪੱਚੀ ਡਾਲਰ ਮੇਰੇ ਜੀਵਨ ਦੀ ਪਹਿਲੀ ਮਜ਼ਦੂਰੀ ਮਿਲੇਗੀ। ਮੈਂ ਹੈਰਾਨ ਹੋ ਗਿਆ ਜਦੋਂ ਉਸ ਨੇ ਬਟੂਏ ‘ਚੋਂ ਲੱਖ ਦਾ ਨੋਟ ਕੱਢਿਆ ਤੇ ਮੈਨੂੰ ਫੜਾ ਦਿੱਤਾ। ਦੂਸਰੇ ਮੁੰਡਿਆਂ ਨੇ ਮੈਨੂੰ ਦੱਸਿਆ ਕਿ ਲੱਖ ਲੀਰੇ ਦੇ ਸੱਠ ਡਾਲਰ ਬਣਦੇ ਹਨ। ਇੰਜਣ ਠੀਕ ਕਰਨ ਕਰਕੇ ਮਿਲੇ ਹਨ। ਮੈਂ ਬੜੀ ਅਜੀਬ ਜਿਹੀ ਖੁਸ਼ੀ ਮਹਿਸੂਸ ਕੀਤੀ ਕਿ ਜੀਵਨ ਦੀ ਪਹਿਲੀ ਮਜ਼ਦੂਰੀ ਲੱਖ ਦਾ ਨੋਟ ਮਿਲਿਆ।