ਜੰਗ : ਸਾਮਰਾਜਵਾਦ ਦਾ ਘਿਣਾਉਣਾ ਚਿਹਰਾ

ਅੱਜ ਲਗਪਗ ਅੱਧੀ ਵਿਸ਼ਵ ਵਿੱਚ ਜੰਗ ਦੇ ਬੱਦਲ ਗਰਜ ਰਹੇ ਹਨ। ਦੁਨੀਆਂ ਦਾ ਸਾਮਰਾਜਵਾਦੀ ਮੁਲਕ ਅਮਰੀਕਾ ਤੇ ਉਸਦਾ ਰਾਸ਼ਟਰਪਤੀ ਡੋਨਾਲਡ ਟਰੰਪ ਦੁਨੀਆਂ ਵਿੱਚ ਆਪਣੀ ਧਾਂਕ ਜਮਾਉਣ ਲਈ ਜੰਗ ਦੀ ਬੇਲੋੜੀ ਵਰਤੋਂ ਕਰ ਰਿਹਾ ਹੈ। ਪੱਛਮੀ ਤੇ ਏਸ਼ੀਆਈ ਮੁਲਕਾਂ ਉੱਪਰ ਆਪਣਾ ਹੁਕਮ ਚਲਾਉਣ ਲਈ ਉਹ ਬੇਲੋੜੀਆਂ ਬੰਦਿਸ਼ਾਂ ਲਗਾ ਰਿਹਾ ਹੈ ਅਤੇ ਟੈਰਿਫ ਦਾ ਡਰਾਵਾ ਦੇ ਕੇ ਉਹ ਦੁਨੀਆਂ ਦੇ ਵਿਕਾਸਸ਼ੀਲ ਮੁਲਕਾਂ ਨੂੰ ਆਪਣਾ ਗੁਲਾਮ ਬਣਾਉਣਾ ਚਾਹੁੰਦਾ ਹੈ। ਅੱਜ ਕੱਲ ਉਸ ਦੀ ਗਾਟੀ ਅਰਬ ਦੇ ਮੁਲਕ ਇਰਾਨ ਨਾਲ ਫਸੀ ਹੋਈ ਹੈ। ਇਰਾਨ ਨਾਲ ਲੱਗਦੇ ਅਰਬ ਮੁਲਕਾਂ ਅਤੇ ਇਜ਼ਰਾਇਲ ਵਿੱਚ ਸਥਾਪਿਤ ਕੀਤੇ ਗਏ ਆਪਣੇ ਜੰਗੀ ਟਿਕਾਣਿਆਂ ਤੋਂ ਉਹ ਇਰਾਨ ਉੱਪਰ ਹਮਲੇ ਕਰ ਰਿਹਾ ਹੈ ਤੇ ਇਰਾਨ ਉਸ ਦਾ ਮੁਕਾਬਲਾ ਬੜੀ ਤਣਦੇਹੀ ਨਾਲ ਕਰ ਰਿਹਾ ਹੈ। ਅਮਰੀਕਾ ਨੇ ਆਪਣੇ ਹਮਲਿਆਂ ਰਾਹੀਂ ਇਰਾਨ ਦੇ ਸੁਪਰੀਮ ਲੀਡਰ ਖਾਨੇਮੇਈ ਨੂੰ ਵੀ ਮਾਰ ਮੁਕਾਇਆ ਅਤੇ ਡੇਢ ਸੌ ਤੋਂ ਉੱਪਰ ਸਕੂਲੀ ਬੱਚੇ ਵੀ ਅਮਰੀਕੀ ਹਮਲਿਆਂ ਦੌਰਾਨ ਆਪਣੀ ਜਾਨ ਗਵਾ ਗਏ। ਅਮਰੀਕਾ ਅਤੇ ਇਜ਼ਰਾਇਲ ਦੇ ਇਸ ਘਿਰਣਤ ਕਾਰੇ ਦੀ ਨਿੰਦਾ ਜਿੱਥੇ ਪੂਰੀ ਦੁਨੀਆਂ ਵਿੱਚ ਹੋ ਰਹੀ ਹੈ ਉੱਥੇ ਅਮਰੀਕਾ ਦੇ ਲੋਕ ਵੀ ਟਰੰਪ ਦੀ ਅਜਿਹੀ ਨੀਤੀ ਦੀ ਆਲੋਚਨਾ ਕਰ ਰਹੇ ਹਨ। ਇਸ ਜੰਗ ਦੀ ਰਣਭੂਮੀ ਮੁੱਖ ਤੌਰ ਤੇ ਇਜ਼ਰਾਇਲ ਤੇ ਇਰਾਨ ਬਣੇ ਹੋਏ ਹਨ। ਕਿਹਾ ਜਾ ਰਿਹਾ ਹੈ ਕਿ ਜਦੋਂ ਦਾ ਐਬਸਟਿਨ ਵਾਇਰਸ ਦਾ ਮਸਲਾ ਭਖਿਆ ਹੈ ਉਦੋਂ ਤੋਂ ਹੀ ਡੋਨਾਲਡ ਟਰੰਪ ਤੇ ਦੁਨੀਆਂ ਦੇ ਹੋਰ ਲੀਡਰ ਇਸ ਵਾਇਲ ਵਿੱਚ ਆਏ ਆਪਣੇ ਨਾਮ ਤੇ ਗੁਨਾਹਾਂ ਨੂੰ ਛੁਪਾਉਣ ਖਾਤਰ ਯੁੱਧ ਦਾ ਸਹਾਰਾ ਲੈ ਰਹੇ ਹਨ।

ਅੱਜ ਜਦੋਂ ਕਿ ਦੁਨੀਆਂ ਇੱਕ ਪਿੰਡ ਵਿੱਚ ਤਬਦੀਲ ਹੋ ਚੁੱਕੀ ਹੈ। ਦੁਨੀਆਂ ਦੇ ਸਾਰੇ ਦੇਸ਼ ਤੇ ਲੋਕ ਕਿਸੇ ਨਾ ਕਿਸੇ ਜਿਣਸ ਦੇ ਆਯਾਤ ਜਾਂ ਨਿਰਯਾਤ ਸਦਕਾ ਇੱਕ ਦੂਸਰੇ ਉੱਪਰ ਨਿਰਭਰ ਹੋਏ ਬੈਠੇ ਹਨ। ਜਿਵੇਂ ਗੈਸ, ਤੇਲ ਅਤੇ ਅਨਾਜ ਦੀ ਆਪੂਰਤੀ ਕਿਸੇ ਵੀ ਮੁਲਕ ਨੂੰ ਸੰਕਟ ਵਿੱਚ ਪਾ ਸਕਦੀ ਹੈ। ਇਸ ਜੰਗ ਦਾ ਪ੍ਰਭਾਵ ਜਿੱਥੇ ਖਾੜੀ ਦੇਸ਼ਾਂ ਵਿੱਚ ਬਹੁਤ ਵਿਪਰੀਤ ਪਿਆ ਹੈ, ਉੱਥੇ ਹੀ ਭਾਰਤ ਅਤੇ ਪਾਕਿਸਤਾਨ ਵਰਗੇ ਮੁਲਕਾਂ ਵਿੱਚ ਵੀ ਇਸ ਦੇ ਅਸਰ ਸਪਸ਼ਟ ਰੂਪ ਵਿੱਚ ਦਿਸਣ ਲੱਗ ਪਏ ਹਨ। ਅੱਜ ਭਾਰਤ ਵਿੱਚ ਵੀ ਗੈਸ ਅਤੇ ਤੇਲ ਦੀ ਆਉਣ ਵਾਲੀ ਸੰਭਾਵਿਤ ਕਿੱਲਤ ਦੀਆਂ ਗੱਲਾਂ ਬਾਤਾਂ ਹੋ ਰਹੀਆਂ ਹਨ ਅਤੇ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਕਿਤੇ ਦੁਬਾਰਾ ਫਿਰ ਸਾਨੂੰ ਲੌਕਡਾਊਨ ਵਰਗੀ ਸਥਿਤੀ ਵਿੱਚੋਂ ਗੁਜ਼ਰਨਾ ਨਾ ਪੈ ਜਾਵੇ। ਇਸ ਲਈ ਜੰਗ ਦਾ ਹਰ ਤਰਫ ਤੋਂ ਵਿਆਪਕ ਵਿਰੋਧ ਹੋਣਾ ਚਾਹੀਦਾ ਹੈ। ਹੈਰਾਨੀ ਦੀ ਗੱਲ ਹੈ ਕਿ ਅੱਜ ਯੂ.ਐਨ.ਓ. ਵਰਗੀਆਂ ਸੰਸਥਾਵਾਂ ਵੀ ਤਮਾਸ਼ਬੀਨ ਬਣ ਕੇ ਬੈਠੀਆਂ ਹਨ। ਭਾਵੇਂ ਕਿ ਡੋਨਾਲਡ ਟਰੰਪ ਦਾ ਚੁਫੇਰੇ ਵਿਰੋਧ ਵੀ ਹੋ ਰਿਹਾ ਹੈ ਪਰ ਇਸ ਵਿਰੋਧ ਦੀ ਸੁਰ ਨੂੰ ਹੋਰ ਤਿੱਖਾ ਤੇ ਉੱਚਾ ਕਰਨ ਦੀ ਜ਼ਰੂਰਤ ਹੈ ਤਾਂ ਜੋ ਦੁਨੀਆਂ ਨੂੰ ਤੀਸਰੇ ਮਹਾਂ ਯੁੱਧ ਵਰਗੀ ਭਿਆਨਕ ਸਥਿਤੀ ਤੋਂ ਬਚਾਇਆ ਜਾ ਸਕੇ। ਜੇ 21ਵੀਂ ਸਦੀ ਵਿੱਚ ਪਹੁੰਚ ਕੇ ਵੀ, ਗਿਆਨ ਵਿਗਿਆਨ ਦੀ ਦੁਨੀਆਂ ਵਿੱਚ ਵਿਚਰਦਿਆਂ ਵੀ ਅਸੀਂ ਅਜਿਹੀ ਵਹਿਸ਼ਤ ਦਾ ਵਿਖਾਵਾ ਕਰਨਾ ਹੈ ਤਾਂ ਇਤਿਹਾਸ ਵਿੱਚ ਕੀ ਮੂੰਹ ਵਿਖਾਵਾਂਗੇ। ਜਿਹੜੇ ਲੋਕ ਆਪਣੇ ਕਰੰਸੀ ਨੋਟਾਂ ‘ਤੇ ‘ਇਨ ਗੌਡ ਵੀ ਟ੍ਰਸਟ’ ਲਿਖਦੇ ਹਨ ਉਹਨਾਂ ਨੂੰ ਤਾਂ ਘੱਟ ਘੱਟ ਇਸ ਤਰ੍ਹਾਂ ਦੀ ਮਨੁੱਖ ਮਾਰੂ ਜੰਗ ਵਿੱਚ ਵਿਸ਼ਵਾਸ ਨਹੀਂ ਰੱਖਣਾ ਚਾਹੀਦਾ। ਇਸ ਜੰਗ ਵਿੱਚ ਧਾਰਮਿਕ, ਨੈਤਿਕ ਕਦਰਾਂ ਕੀਮਤਾਂ ਤੇ ਮਾਨਵੀ ਸਰੋਕਾਰ ਬੜੀ ਬੁਰੀ ਤਰ੍ਹਾਂ ਨਾਲ ਕੁਚਲੇ ਜਾ ਰਹੇ ਹਨ। ਇਸ ਲਈ ਸਮਾਜ ਦੀਆਂ ਸੰਵੇਦਨਸ਼ੀਲ ਧਿਰਾਂ ਨੂੰ ਇਸ ਜੰਗ ਦਾ ਵਿਰੋਧ ਡੱਟ ਕੇ ਕਰਨਾ ਚਾਹੀਦਾ ਹੈ। ਈਦਾਰਾ ‘ਆਪਣੀ ਆਵਾਜ਼’ ਵੀ ਅਜਿਹੀ ਅਨੈਤਿਕ ਜੰਗ ਦਾ ਵਿਰੋਧ ਕਰਦਾ ਹੈ।