ਜ਼ਖ਼ਮੀ ਡਾਰ ਪਰਿੰਦਿਆਂ ਦੀ
ਘਰ ਉੱਤੋਂ ਦੀ ਜਦ ਵੀ ਲੰਘੇ ਜ਼ਖ਼ਮੀ ਡਾਰ ਪਰਿੰਦਿਆਂ ਦੀ।
ਮੈਨੂੰ ਆਪਣੀ ਸ਼ਾਇਰੀ ਜਾਪੇ ਜ਼ਖ਼ਮੀ ਡਾਰ ਪਰਿੰਦਿਆਂ ਦੀ।
ਕੁਝ ਇਕ ਕੂੰਜਾਂ ਧੀਆਂ ਵਾਂਗੂ ਰੁਦਨ ਕਰਦੀਆਂ ਜਾਪਦੀਆਂ
ਚੱਲੀ ਪੇਕੇ ਜਾਂ ਕਿ ਸਹੁਰੇ ਜ਼ਖ਼ਮੀ ਡਾਰ ਪਰਿੰਦਿਆਂ ਦੀ।
ਇਹ ਜੋ ਜ਼ਖ਼ਮੀ ਡਾਰ ਹੈ ਇਸ ਵਿਚ ਮੇਰੇ ਵੀ ਕੁਝ ਸੁਪਨੇ ਹਨ
ਮੈਥੋਂ ਪਈ ਹੁੰਗਾਰਾ ਮੰਗੇ ਜ਼ਖ਼ਮੀ ਡਾਰ ਪਰਿੰਦਿਆਂ ਦੀ।
ਕਿਸ ਪਾਪੀ ਨੇ ਇਨ੍ਹਾਂ ਦੇ ਦਿਲ ਵਿਚ ਨਿਸ਼ਠੁਰ ਤੀਰ ਪਰੋ ਦਿੱਤੇ
ਅੰਬਰਾਂ ਤਕ ਕੁਰਲਾਉਂਦੀ ਜਾਪੇ ਜ਼ਖ਼ਮੀ ਡਾਰ ਪਰਿੰਦਿਆਂ ਦੀ।
ਕਾਸ਼ ਇਹ ਮੇਰੀ ਛੱਤ ‘ਤੇ ਉਤਰਨ ਸਿਉਂ ਦੇਵਾਂ ਮੈਂ ਜ਼ਖ਼ਮ ਇਨ੍ਹਾਂ ਦੇ
ਇਹ ਤਾਂ ਮੇਰੇ ਦਾਮਨ ਵਰਗੀ ਜ਼ਖ਼ਮੀ ਡਾਰ ਪਰਿੰਦਿਆਂ ਦੀ।
ਜ਼ਖ਼ਮੀ ਡਾਰ ਦਾ ਹਰ ਇਕ ਪੰਛੀ ਮੇਰੇ ਦਿਲ ਦਾ ਚੋਗ ਚੁਗੇ
‘ਬੱਦਨ’ ‘ਚੋਂ ਮਨਫ਼ੀ ਨਾ ਹੋਵੇ ਜ਼ਖ਼ਮੀ ਡਾਰ ਪਰਿੰਦਿਆਂ ਦੀ।
