ਨਿੱਤ ਸ਼ੁਕਰ ਖੁਦਾ ਦਾ ਕਰਿਆ ਕਰ

ਨਿੱਤ ਸ਼ੁਕਰ ਖੁਦਾ ਦਾ ਕਰਿਆ ਕਰ,
ਜੋ ਦਿੱਤਾ ਸੱਚੇ ਸਤਿਗੁਰ ਨੇ, ਤੂੰ ਸਬਰ ਉਸੇ ‘ਚ ਕਰਿਆ ਕਰ।
ਨਾ ਮਾੜੀ ਮਾੜੀ ਗੱਲ ਪਿੱਛੇ, ਤੂੰ ਕਿਸੇ ਤੇ ਗੁੱਸਾ ਕਰਿਆ ਕਰ।
ਜੋ ਹੋ ਰਿਹਾ ਤੇਰੀ ਜ਼ਿੰਦਗੀ ਵਿੱਚ, ਤੂੰ ਭਾਣਾ ਮੰਨ ਕੇ ਜਰਿਆ ਕਰ।
ਐਵੇਂ ਮਰੂੰ ਮਰੂੰ ਨਾ ਕਰਿਆ ਕਰ,
ਦਾਤੇ ਦੀਆਂ ਦਿੱਤੀਆਂ ਦਾਤਾਂ ਦਾ, ਤੂੰ ਸ਼ੁਕਰ ਹਮੇਸ਼ਾ ਕਰਿਆ ਕਰ।
ਏਹ ਮਾਨਸ ਦੇਹੀ ਜੋ ਤੂੰ ਪਾਈ, ਨਾਮ ਜਪ ਸਫਲ ਤੂੰ ਕਰਿਆ ਕਰ।
ਮਾੜੀ ਮਾੜੀ ਗੱਲ ਦਾ ਕਰ ਗੁੱਸਾ, ਤੂੰ ਅਸਮਾਨੀ ਨਾ ਚੜਿਆ ਕਰ।
ਛੱਡ ਝਾਤ ਬਾਹਰ ਦੀ ਤੂੰ ਬੰਦਿਆ, ਕਦੀ ਅੰਦਰ ਆਪਣੇ ਵੜਿਆ ਕਰ।
ਤੂੰ ਇੱਕ ਨਾਲ ਯਾਰੀ ਲਾ ਸੱਜਣਾ, ਐਵੇਂ ਹਰ ਥਾਂ ਨਾ ਜਾ ਖੜਿਆ ਕਰ।
ਤੇਰੀ ਸਭ ਖਲਾਸੀ ਹੋ ਜਾਣੀ, ਪੱਲਾ ਮੁਰਸ਼ਿਦ ਦਾ ਫੜਿਆ ਕਰ।
ਤੂੰ ਗ੍ਰੰਥ ਪੋਥੀਆਂ ਨਿੱਤ ਪੜ੍ਹਦਾ, ਕਦੀ ਮਨ ਆਪਣੇ ਨੂੰ ਪੜ੍ਹਿਆ ਕਰ।
ਸੁੱਖ ਤੂੰ ਵੀ ਸਭ ਕੁੱਝ ਪਾ ਲਵੇਂਗਾ, ਸੀਸ ਚਰਨੀ ਮੁਰਸ਼ਿਦ ਦੇ ਧਰਿਆ ਕਰ।