ਪਿੰਡ ਦੇ ਨਾਂ ਇੱਕ ਖ਼ਤ
ਸੁੱਖੀ ਵਸੇਂ, ਰਹੇਂ ਤੂੰ ਆਬਾਦ ਪਿੰਡ ਮੇਰਿਆ।
ਹਰ ਪਲ ਆਉਣੈ ਮੈਨੂੰ ਯਾਦ ਪਿੰਡ ਮੇਰਿਆ।
ਲੱਗ ਗਈ ਨਜ਼ਰ ਰੰਗਲੇ ਪੰਜਾਬ ਨੂੰ।
ਮੋੜ ਕੇ ਲਿਆਈਏ ਸੁੱਖਾ ਸਿੰਘ ਮਹਿਤਾਬ ਨੂੰ।
ਲੁੱਟ ਹੋ ਗਈ ਉਨ੍ਹਾਂ ਦੀ ਔਲਾਦ ਪਿੰਡ ਮੇਰਿਆ।
ਸਮਝ ਨਹੀਂ ਸਕਿਆ ਤੂੰ ਚਾਲ ਸਰਕਾਰ ਦੀ।
ਕਦੇ ਅੱਤਵਾਦ, ਨਸ਼ਾ ਚਾਲ ਕਦੇ ਬਾਹਰ ਦੀ।
ਕਰ ‘ਤਾ ਪੰਜਾਬ ਬਰਬਾਦ ਪਿੰਡ ਮੇਰਿਆ।
ਵਿਹਲ ਨਹੀਂ ਵਿਦੇਸ਼ਾਂ ਵਿੱਚ ਗੁਰੂ ਘਰ ਜਾਣ ਦੀ।
ਸ਼ਿਫਟਾਂ ਨੇ ਖਾ ਲਈ ਇੱਥੇ ਜਿੰਦ ਇਨਸਾਨ ਦੀ।
ਮਿਲਦਾ ਨਹੀਂ ਨਿੱਤ ਪ੍ਰਸਾਦਿ ਪਿੰਡ ਮੇਰਿਆ।
ਹੈਰੀ ਗੈਰੀ ਹੋ ਗਏ ਹਰਵੀਰ ਗੁਰਵੀਰ ਨੇ।
ਟੈਟੂਆਂ ਦੇ ਨਾਲ ਵਿੰਨ੍ਹੇ ਉਨ੍ਹਾਂ ਦੇ ਸਰੀਰ ਨੇ।
ਮੁੱਕ ਜਾਣੀ ਹੋਂਦ ਸਮੇਂ ਬਾਅਦ ਪਿੰਡ ਮੇਰਿਆ।
ਦੁੱਧ ਮੱਖਣਾਂ ਦੇ ਨਾਲ ਪਾਲੇ ਪੁੱਤ ਜੱਟ ਦੇ।
ਵਿੱਚ ਪਰਦੇਸਾਂ ਆ ਕੇ ਢਾਬੇ ਜਦੋਂ ਕੱਟਦੇ।
ਲੱਗੇ ਉਦੋਂ ਲੰਗਰ ਸਵਾਦ ਪਿੰਡ ਮੇਰਿਆ।
ਦੇਖ ਕੇ ਦ੍ਰਿਸ਼ ਉਦੋਂ ਅੱਖਾਂ ਭਰ ਆਉਂਦੀਆਂ
ਹੋਟਲਾਂ ਦੇ ਵਿਚ ਧੀਆਂ ਦਾਰੂ ਵਰਤਾਉਂਦੀਆਂ।
ਸਮਝਦੇ ਬੱਚੇ ਹਾਂ ਆਜ਼ਾਦ ਪਿੰਡ ਮੇਰਿਆ।
ਪੰਜਾਬ ਜੇ ਬਚਾਉਣੈ ਤਾਂ ਤੂੰ ਪਾਣੀ ਨੂੰ ਸੰਭਾਲ ਲੈ।
ਝੋਨਾ ਛੱਡ ਮੱਕੀ, ਸਰ੍ਹੋਂ ਅਤੇ ਬੀਜ ਦਾਲ ਲੈ।
ਬੀਜ ਲੈ ਤੂੰ ਨਰਮਾ, ਕਮਾਦ ਪਿੰਡ ਮੇਰਿਆ।
ਗਿਣਤੀ ਤਾਂ ਮੇਰੀ ਅਮਰੀਕਾ ਵਿੱਚ ਦੱਸਦੀ।
ਰੂਹ ਮੇਰੀ ਅੱਜ ਵੀ ‘ਅਠੋਲੇ’ ਪਿੰਡ ਵੱਸਦੀ।
ਘੁੱਗ ਵਸੇਂ ਇਹੋ ਫ਼ਰਿਆਦ ਪਿੰਡ ਮੇਰਿਆ।

- ਮਨਜੀਤ ਸਿੰਘ ‘ਸੋਹਲ’
ਅਮਰੀਕਾ
360-931-3394