ਸੀਰੀ

‘ਕੁੜੇ ਬਸੰਤ ਕੁਰੇ, ਸੁਣਿਐ ਕੁੱਛ? ਆਹ ਤਾਂ ਰੱਬ ਨੇ ਲੋੜ੍ਹਾ ਈ ਮਾਰਿਆ’, ਅੰਦਰ ਵੜਦੀ ਗੁਆਂਢਣ ਨੇ ਗੱਲ ਸ਼ੁਰੂ ਕਰਦਿਆਂ ਕਿਹਾ
‘ ਕੀ ਹੋਇਆ ਭੈਣੇ? ‘ ਬਸੰਤ ਕੌਰ ਦੇ ਗੱਲ ਸਮਝ ਨਾ ਆਈ ਤੇ ਉਸਨੇ ਅੱਗੋਂ ਜਾਣਨਾ ਚਾਹਿਆ
ਹੋਣਾ ਕੀ ਸੀ ਸਰਪੰਚ ਨੇ ਵੀਰ ਸਾਂਝੀ ਦੇ ਮੁੰਡੇ ਨੂੰ ਨਰਮੇ ਤੇ ਸਪਰੇ ਕਰਨ ਲਾਇਆ ਸੀ ਉਸਨੂੰ ਦਵਾਈ ਚੜ੍ਹ ਗਈ ਤੇ ਉੱਥੇ ਈ ਬੇਹੋਸ਼ ਹੋ ਗਿਆ’
‘ਹਾਇ! ਹਾਇ! ਫੇਰ ਕੀ ਹੋਇਆ?’
‘ਸਰਪੰਚ ਮੁੰਡੇ ਨੂੰ ਟਰਾਲੀ ‘ਚ ਪਾ ਕੇ ਸ਼ਹਿਰ ਲੈ ਗਿਆ ਪਰ ਉਹ ਤਾਂ ਵਿਚਾਰਾ ਰਾਹ ‘ਚ ਈ ਪੂਰਾ ਹੋ ਗਿਆ’
ਗੁਆਂਢਣ ਨੇ ਦਰਦ ਭਰੇ ਮਨ ਨਾਲ ਦਸਦਿਆਂ ਤੇ ਹਮਦਰਦੀ ਜਤਾਉਂਦਿਆਂ ਕਿਹਾ, ‘ਵਿਚਾਰੇ ਗਰੀਬ ਨਾਲ ਤਾਂ ਬਹੁਤ ਧੱਕਾ ਹੋਇਆ ‘ਕੱਲਾ ‘ਕੱਲਾ ਜਵਾਕ ਸੀ ਵੀਰੂ ਦੇ’
‘ਤਾਂ ਹੀ ਤਾਂ ਮੈਂ ਨੀ ਆਪਣੇ ਗੁਰਿੰਦਰ ਨੂੰ ਸਪਰੇ ਤੇ ਲੱਗਣ ਦਿੰਦੀ, ਭਾਵੇਂ ਇਹਦਾ ਬਾਪੂ ਕਈ ਵਾਰ ਕਹਿੰਦਾ ਹੁੰਦੈ’
ਮੈਂ ਖਹਿੜੇ ਪੈ ਜਾਂਦੀ ਆਂ ‘ਬਈ ਭਈਏ ਥੋੜ੍ਹੇ ਨੇ ਸਪਰੇਆਂ ਨੂੰ ਰੱਬ ਨਾ ਕਰੇ ਜੇ ਕੋਈ ਚੰਗੀ ਮਾੜੀ ਹੋ ਜੇ ਨਾਲੇ ਪੁੱਤ ਕਿਹੜਾ ਲੱਖੀਂ ਹਜਾਰੀਂ ਮਿਲਦੇ ਨੇ’ ਬਸੰਤ ਕੌਰ ਨੇ ਆਪਣਾ ਪੱਖ ਦਰਸਾਉਂਦਿਆਂ ਕਿਹਾ।
ਇਨ੍ਹਾਂ ਦੋਹਾਂ ਦੀਆਂ ਗੱਲਾਂ ਸੁਣ ਵਿਹੜੇ ਵਾਲੀ ਕਰਮੋ ਗੋਹਾ ਕੂੜਾ ਕਰਨੋਂ ਰੁਕ ਗਈ ਉਹਦੀਆਂ ਅੱਖਾਂ ਵਿੱਚੋਂ ਛਮ ਛਮ ਹੰਝੂ ਚੋਣ ਲੱਗੇ ਕਈ ਸਾਲ ਪਹਿਲਾਂ ਦੀ ਘਟਨਾ ਫਿਰ ਤਾਜ਼ਾ ਹੋ ਗਈ ਉਸਦਾ ਇਕਲੌਤਾ ਪੁੱਤਰ ਵੀ ਇੰਜ ਹੀ ਅਜਾਈਂ ਮੌਤ ਦੇ ਮੂੰਹ ਜਾ ਪਿਆ ਸੀ ਘੁੱਟ ਕੇ ਕਲੇਜਾ ਫੜੀ ਕਰਮੋ ਬਸੰਤ ਕੌਰ ਦੀਆਂ ਗੱਲਾਂ ਸੁਣ ਕੇ ਤੜਪ ਉੱਠੀ।
ਉਹਦਾ ਰੋਹ ਆਪ ਮੁਹਾਰੇ ਫੁੱਟ ਪਿਆ, ‘ਜਿਹੜਾ ਮਰ ਗਿਆ ਉਹ ਕਿਹੜਾ ਕਿਸੇ ਮਾਂ ਦਾ ਪੁੱਤ ਸੀ, ਸੀਰੀ ਈ ਸੀ ਨਾ!’