ਪਿਆਰ ਹੀ ਜ਼ਿੰਦਗੀ ਜਿਊਣ ਦਾ ਇੱਕ ਸਫ਼ਲ ਮਾਰਗ ਹੈ
ਆਧੁਨਿਕ ਯੁੱਗ ਦੀ ਭੱਜ-ਨੱਠ ਨੇ ਮਨੁੱਖ ਦੀ ਜ਼ਿੰਦਗੀ ਵਿੱਚ ਥਕੇਵਾਂ, ਅਕਾਊ ਤੇ ਨਿਰਾਸ਼ਤਾ ਦਾ ਪਸਾਰਾ ਕਰ ਦਿੱਤਾ ਹੈ, ਜਿਉਂ-ਜਿਉਂ ਮਨੁੱਖ ਕੋਲ ਸੁੱਖ-ਸਹੂਲਤਾਂ ਦੀ ਬਹੁਲਤਾ ਹੁੰਦੀ ਜਾ ਰਹੀ ਹੈ, ਤਿਉਂ-ਤਿਉਂ ਉਸ ਦੀਆਂ ਸਮੱਸਿਆਵਾਂ ਦੇ ਘੇਰਾ ਵਿੱਚ ਦਿਨ-ਪ੍ਰਤੀਦਿਨ ਵਾਧਾ ਹੁੰਦਾ ਜਾ ਰਿਹਾ ਹੈ, ਇਸਦਾ ਸਿੱਧਾ ਤੇ ਸਰਲ ਕਾਰਨ ਮਨੁੱਖ ਦਾ ਕੁਦਰਤ ਨਾਲੋਂ ਟੁੱਟਣਾ ਹੈ, ਭੌਤਿਕ ਚੀਜ਼ਾਂ ਦੀ ਲਾਲਸਾ ਨੇ ਮਨੁੱਖ ਤੋਂ ਖੁਸ਼ੀ-ਹਾਸੇ, ਚਾਅ ਤੇ ਪਿਆਰ ਰੂਪੀ ਰੱਬੀ ਨਿਆਮਤ ਨੂੰ ਖੋਹ ਲਿਆ ਹੈ ਜਿਉਂ-ਜਿਉਂ ਮਨੁੱਖ ਕੁਦਰਤ ਤੋਂ ਦੂਰ ਹੁੰਦਾ ਚਲਾ ਗਿਆ, ਉਸਦੀ ਜੀਵਨ ਸ਼ੈਲੀ ਵਿੱਚ ਪਰਿਵਰਤਨ ਆਉਂਦਾ ਚਲਾ ਗਿਆ, ਇਹੋ ਜੀਵਨ ਸ਼ੈਲੀ ਉਸ ਲਈ ਦੁੱਖਾਂ ਦਾ ਘਰ ਬਣ ਗਈ। ਕੁਦਰਤ ਨਾਲੋਂ ਟੁੱਟ ਕੇ ਕਦੇ ਵੀ ਕੋਈ ਮਨੁੱਖ ਸੁਖੀ ਨਹੀਂ ਰਹਿ ਸਕਦਾ।
ਗੁਰੂਬਾਣੀ ਤਾਂ ਮਨੁੱਖ ਨੂੰ ਪਹਿਲਾਂ ਹੀ ਸਮਝਾਉਂਦੀ ਆ ਰਹੀ ਹੈ, ਪਰ ਹਾਉਮੇ ਤੇ ਹੰਕਾਰ ਵਿੱਚ ਗ੍ਰਸਤ ਮਨੁੱਖ ਨੂੰ ਹੀ ਕਦੇ ਸਮਝ ਨਹੀਂ ਆਈ, ਜਿਸ ਨੇ ਵੀ ਸਮਝ ਲਿਆ ਉਸ ਮਨੁੱਖ ਦੇ ਦੁੱਖਾਂ-ਕਲੇਸਾਂ ਦਾ ਅੰਤ ਹੋ ਗਿਆ। ਕੁਦਰਤ ਵਿੱਚ ਹੀ ਮਨੁੱਖ ਦੀਆਂ ਸਭ ਬਿਮਾਰੀਆਂ ਦਾ ਹੱਲ ਛੁਪਿਆ ਹੋਇਆ ਹੈ, ਬਸ ਲੋੜ ਹੈ ਮਨੁੱਖ ਨੂੰ ਕਾਦਰ ਦੀ ਉਸ ਕੁਦਰਤ ਨੂੰ ਪਛਾਨਣ ਦੀ, ਜੋ ਪੰਜ ਤੱਤ ਬ੍ਰਹਿਮੰਡ ਵਿੱਚ ਮੌਜੂਦ ਹਨ, ਕਾਦਰ ਨੇ ਉਨ੍ਹਾਂ ਪੰਜ ਤੱਤਾਂ ਤੋਂ ਹੀ ਮਨੁੱਖ ਅਤੇ ਸੰਪੂਰਨ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਮਨੁੱਖ ਇਸ ਸਮਾਜ ਦੇ ਸਭ ਪ੍ਰਾਣੀਆਂ ਤੋਂ ਸਰਬ ਸ਼੍ਰੇਸ਼ਟ ਹੈ। ਇਸ ਵਿੱਚ ਬਲ ਤੇ ਦਿਮਾਗ ਦੋਵੇਂ ਚੀਜ਼ਾਂ ਇਸਨੂੰ ਬਾਕੀ ਪ੍ਰਾਣੀਆਂ ਤੋਂ ਉੱਚਤਮ ਦਰਜੇ ਦਾ ਬਣਾਉਂਦੀਆਂ ਹਨ।
ਪਿਆਰ ਦੀ ਭਾਸ਼ਾ ਪਸ਼ੂ, ਪੰਛੀ ਤੇ ਜਾਨਵਰ ਸਾਰੇ ਹੀ ਚੰਗੀ ਤਰ੍ਹਾਂ ਸਮਝਦੇ ਹਨ, ਕਦੇ ਕਿਸੇ ਜਾਨਵਰ ਨੂੰ ਦੋ ਚਾਰ-ਦਿਨ ਪਿਆਰ ਨਾਲ ਰੋਟੀ ਜਾਂ ਪਾਣੀ ਆਦਿ ਰੱਖਣ ਲੱਗ ਜਾਓ, ਉਹ ਵੀ ਤਹਾਨੂੰ ਪਿਆਰ ਕਰਨ ਲੱਗ ਜਾਂਦਾ ਹੈ। ਇਹੀ ਪਿਆਰ ਦੀ ਪਰਿਭਾਸ਼ਾ ਹੈ, ਕਿ ਇੱਕ ਮਨੁੱਖ ਜੋ ਕਿਸੇ ਦੂਸਰੇ ਨੂੰ ਦਿੰਦਾ ਹੈ, ਬਦਲੇ ਵਿੱਚ ਉਸ ਤੋਂ ਕਿਤੇ ਵੱਧ ਕੇ ਵਾਪਸ ਲੈਂਦਾ ਹੈ, ਚਾਹੇ ਉਹ ਪਿਆਰ ਹੈ ਜਾਂ ਫਿਰ ਨਫ਼ਰਤ। ਜਿਸ ਤਰ੍ਹਾਂ ਇੱਕ ਘਰ ਜੀਆਂ ਤੋਂ ਸੱਖਣਾ ਨਿਰਾ ਉਜਾੜ ਹੁੰਦਾ ਹੈ, ਉਸੇ ਤਰ੍ਹਾਂ ਪਿਆਰ ਤੋਂ ਸੱਖਣੇ ਮਨੁੱਖ ਦੀ ਜ਼ਿੰਦਗੀ ਵੀ ਨਿਰੀ ਨੀਰਸ ਬਣ ਜਾਂਦੀ ਹੈ, ਪਿਆਰ ਨਾਲ ਵੱਡੇ ਤੋਂ ਵੱਡੇ ਮਸਲੇ ਹੱਲ ਹੋ ਜਾਂਦੇ ਹਨ, ਗੁੱਸੇ ਨਾਲ ਬਣੀ-ਬਣਾਈ ਖੇਡ ਵੀ ਅਕਸਰ ਵਿਗੜ ਜਾਂਦੀ ਹੈ।
ਪਿਆਰ ਦੀ ਪਰਿਭਾਸ਼ਾ ਨੂੰ ਵੱਖ-ਵੱਖ ਮਨੋ-ਵਿਗਿਆਨੀਆਂ ਤੇ ਸਮਾਜ ਸ਼ਾਸਤਰੀਆਂ ਨੇ ਆਪਣੇ-ਆਪਣੇ ਸ਼ਬਦਾਂ ਵਿੱਚ ਪਰਿਭਾਸ਼ਤ ਕੀਤਾ ਹੈ, ਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ, ਸਮਾਜ ਤੋਂ ਬਿਨ੍ਹਾਂ ਮਨੁੱਖ ਦੀ ਹੋਂਦ ਉਜਾੜ ਵਿੱਚ ਖੜੇ ਉਸ ਬ੍ਰਿਛ ਵਾਂਗ ਹੁੰਦੀ ਹੈ। ਜਿਸਦੀ ਛਾਂ ਦਾ ਨਾ ਕਿਸੇ ਨੂੰ ਕੋਈ ਫਾਇਦਾ ਹੁੰਦਾ ਹੈ ਅਤੇ ਨਾ ਹੀ ਉਸਦੀ ਫਲ ਅਤੇ ਲੱਕੜੀ ਕਿਸੇ ਕੰਮ ਆਉਂਦੀ ਹੈ, ਉਸਦੇ ਫਲ, ਛਾਂ ਤੇ ਲੱਕੜ ਤੱਕ ਕਦੇ ਕਿਸੇ ਦੀ ਪਹੁੰਚ ਨਹੀਂ ਹੁੰਦੀ। ਅਜਿਹਾ ਰੁੱਖ ਹਮੇਸ਼ਾ ਉਸ ਰਸਤੇ ਵੱਲ ਤੱਕਦਾ ਰਹਿੰਦਾ ਹੈ, ਕਿ ਕਦ ਕੋਈ ਮਨੁੱਖ ਇੱਧਰ ਨੂੰ ਆਵੇ ਤੇ ਉਸਦੀ ਠੰਡੀ ਛਾਂ, ਫਲਾਂ ਆਦਿ ਦਾ ਆਨੰਦ ਮਾਣੇ, ਪਰ ਉਸਦੀ ਕਿਸਮਤ ਵਿੱਚ ਇਹ ਸਭ ਕੁਛ ਕਦੇ ਵੀ ਨਹੀਂ ਵਾਪਰਦਾ, ਉਸਨੂੰ ਕਦੇ ਵੀ ਕਿਸੇ ਮਨੁੱਖ ਦੀ ਪਰਛਾਈਂ ਨਸੀਬ ਨਹੀਂ ਹੁੰਦੀ, ਇਥੋਂ ਤੱਕ ਕਿ ਪੰਛੀ ਵੀ ਉਸ ਰੁੱਖ ਉੱਤੇ ਆਪਣਾ ਆਲ੍ਹਣਾ ਬਣਾਉਣਾ ਪਸੰਦ ਨਹੀਂ ਕਰਦੇ, ਉਸਦੀਆਂ ਇੱਛਾਵਾਂ ਨੂੰ ਕਦੇ ਬੂਰ ਨਹੀਂ ਪੈਂਦਾ।
ਜ਼ਿੰਦਗੀ ਦਾ ਪਹੀਆਂ ਸਦਾ ਤੁਰਦਾ ਰਹਿੰਦਾ ਹੈ ਤੇ ਸਦਾ ਤੁਰਦੇ ਰਹਿਣਾ ਵੀ ਚਾਹੀਦਾ ਹੈ, ਜਿਸ ਦਿਨ ਇਹ ਜ਼ਿੰਦਗੀ ਰੂਪੀ ਪਹੀਆ ਰੁਕ ਗਿਆ ਤਾਂ ਸਮਝੋਂ ਮਨੁੱਖੀ ਜੀਵਨ ਦਾ ਅੰਤ ਹੈ, ਜ਼ਿੰਦਗੀ ਦਾ ਇਹ ਪਹੀਆਂ ਵਗਦੇ ਪਾਣੀ ਵਾਂਗ ਵਗਦੇ ਹੀ ਰਹਿਣਾ ਚਾਹੀਦਾ ਹੈ, ਖੜੇ ਤਾਂ ਪਾਣੀ ਵਿੱਚ ਵੀ ਸੜਾਂਦ ਮਾਰਨ ਲੱਗ ਪੈਂਦੀ ਹੈ। ਇਹ ਸਭ ਉਸ ਡਾਢੇ ਦੇ ਹੱਥ ਵਿੱਚ ਹੈ ਕਿ ਇਸ ਮਨੁੱਖ ਜੀਵਨ ਰੂਪੀ ਪਹੀਏ ਨੇ ਕਦੋਂ ਤੱਕ ਰੋੜਨਾ ਹੈ।
ਸਮਾਂ ਆਪਣੇ ਨਾਲ ਬਹੁਤ ਕੁਛ ਵਹਾ ਕੇ ਲੈ ਜਾਂਦਾ ਹੈ ਤੇ ਸਮੇਂ ਦੀ ਰੇਤ ਉੱਪਰ ਇਸਦੇ ਸਿਰਫ ਪੈੜਾਂ ਦੇ ਨਿਸ਼ਾਨ ਹੀ ਬਾਕੀ ਰਹਿ ਜਾਂਦੇ ਹਨ। ਪਿਆਰ ਦੀ ਇਸ ਧਰਤੀ ਵਿੱਚ ਉੱਗੇ ਹੋਏ ਸੂਹੇ ਫੁੱਲ ਮਨੁੱਖ ਨੂੰ ਸਦਾ ਲਈ ਅਮਰ ਬਣਾ ਦਿੰਦੇ ਹਨ। ਪਿਆਰ ਦੀ ਉਪਜ ਜ਼ਿੰਦਗੀ ਵਿੱਚ ਸਕਾਰਾਤਮਿਕ ਸੱਚ ਦਾ ਨਿਰਮਾਣ ਕਰਦੀ ਹੈ ਤੇ ਪਿਆਰ ਤੋਂ ਵਿਰਵਾਂ ਮਨੁੱਖ ਕੌੜ, ਸੜੀਅਲ, ਕ੍ਰੋਧੀ, ਤੇ ਹਰ ਵੇਲ਼ੇ ਨਕਾਰਾਤਮਿਕ ਵਿਚਾਰਾਂ ਦੀ ਵਲਗਣ ਵਿੱਚ ਉਲਝਿਆ ਰਹਿੰਦਾ ਹੈ, ਜਿਸ ਨਾਲ ਉਸਦਾ ਜੀਵਨ ਪੂਰੀ ਤਰ੍ਹਾਂ ਨਕਾਰਤਮਿਕਤਾ ਨਾਲ ਭਰ ਜਾਂਦਾ ਹੈ ਤੇ ਉਸਦਾ ਮਨੁੱਖੀ ਵਿਕਾਸ ਰੁਕ ਜਾਂਦਾ ਹੈ।
ਸਭ ਗੁਰੂਆਂ, ਪੀਰਾਂ, ਰਿਸ਼ੀਆਂ-ਮੁਨੀਆਂ ਨੇ ਪਿਆਰ ਉੱਪਰ ਹੀ ਧਿਆਨ ਕੇਂਦਰਿਤ ਕੀਤਾ ਹੈ, ਕਿ ਮਨੁੱਖ ਜੀਵਨ ਵਿੱਚ ਆਈਆਂ ਵੱਡੀਆਂ ਤੋਂ ਵੱਡੀਆਂ ਸਮੱਸਿਆਵਾਂ ਦਾ ਹੱਲ ਸਿਰਫ਼ ਪਿਆਰ ਵਿੱਚ ਹੀ ਹੈ, ਸ਼ੋਸਲ ਮੀਡੀਆ ਦੇ ਤੇਜ ਪਸਾਰੇ ਨੇ ਜਿੱਥੇ ਜ਼ਿੰਦਗੀ ਨੂੰ ਬਹੁਤ ਅਸਾਨ ਕਰ ਦਿੱਤਾ ਹੈ, ਮਹੀਨਿਆਂ, ਸਾਲਾਂ ਵਿੱਚ ਪ੍ਰਾਪਤ ਹੋਣ ਵਾਲੀ ਸੂਚਨਾ ਕੁਛ ਪਲਾਂ ਵਿੱਚ ਹੀ ਪ੍ਰਾਪਤ ਹੋ ਜਾਂਦੀ ਹੈ, ਪਰ ਇਸ ਸੂਚਨਾ ਨੂੰ ਪ੍ਰਾਪਤ ਕਰਨ ਲਈ ਕਈ ਵਾਰ ਮਨੁੱਖ ਆਪਣੇ ਲਈ ਮੁਸੀਬਤਾਂ ਵੀ ਖੜੀਆਂ ਕਰਦਾ ਦੇਖਿਆ ਗਿਆ ਹੈ। ਸਹਿਜਤਾ ਦੇ ਮਾਰਗ ਤੋਂ ਅੱਕ ਕੇ ਮਨੁੱਖ ਦੀ ਸੱਚ ਭਟਕ ਚੁੱਕੀ ਹੈ, ਉਹ ਬੜੀ ਤੇਜੀ ਨਾਲ ਨਤੀਜੇ ਪ੍ਰਾਪਤ ਕਰਨ ਦੇ ਚੱਕਰ ਵਿੱਚ ਆਪਣੀ ਜ਼ਿੰਦਗੀ ਦੇ ਉਹ ਸੁਨਹਿਰੀ ਪਲਾਂ ਨੂੰ ਦਾਅ ਤੇ ਲਾ ਦਿੰਦਾ ਹੈ, ਜਿਸ ਨਾਲ ਇੱਕ ਮਜ਼ਬੂਤ ਸਮਾਜ ਤੇ ਪਰਿਵਾਰ ਦੀ ਹੋਂਦ ਖੜੀ ਹੁੰਦੀ ਹੈ।
ਪਿਆਰ ਦੇ ਰੰਗ ਵਿੱਚ ਰੰਗਿਆ ਹੋਇਆ ਮਨੁੱਖ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਨੂੰ ਵੀ ਜਰ ਜਾਂਦਾ ਹੈ ਤੇ ਉਸ ਦੇ ਅੰਦਰ ਪੈਦਾ ਹੋਇਆ ਆਤਮ ਬਲ ਉਸਨੂੰ ਮਜਬੂਤ ਬਣਾ ਦਿੰਦਾ ਹੈ ਕਿ, ਉਹ ਆਪਣੇ ਇਸ ਖੇਤਰ ਵਿੱਚ ਤਰੱਕੀ ਦੀਆਂ ਨਵੀਂਆਂ ਇਬਾਰਤਾਂ ਲਿਖਦਾ ਹੋਇਆ ਮੰਜ਼ਲ ਤੇ ਅੱਪੜ ਇੱਕ ਨਵੀਂ ਮਿਸਾਲ ਪੈਦਾ ਕਰ ਦਿੰਦਾ ਹੈ।
ਮਨੁੱਖ ਜਿੰਨੀ ਮਰਜੀ ਧੰਨ-ਦੌਲਤ, ਜਾਇਦਾਦ ਇਕੱਠੀ ਕਰ ਲਵੇ, ਪਰ ਪਿਆਰ ਤੋਂ ਸੱਖਣੇ ਮਨੁੱਖ ਲਈ ਵੀ ਇਹ ਧੰਨ-ਦੌਲਤਾਂ ਕੋਈ ਮਾਇਨੇ ਨਹੀਂ ਰੱਖਦੀਆਂ, ਮਨੁੱਖ ਭਾਵੇਂ ਕੱਖਾਂ ਦੀ ਛੰਨ ਵਿੱਚ ਕਿਉਂ ਨਾ ਰਹਿੰਦਾ ਹੋਵੇ ਜੇਕਰ ਉਸ ਕੋਲ ਪਿਆਰ ਹੈ ਤਾਂ ਉਹ ਜ਼ਿੰਦਗੀ ਦਾ ਸਭ ਤੋਂ ਅਮੀਰ ਆਦਮੀ ਹੈ। ਪਿਆਰ ਹੀ ਜੀਵਨ ਦਾ ਅਧਾਰ ਹੈ। ਜਿਸ ਤੋਂ ਜੀਵਨ ਦੀ ਰਚਨਾ ਹੁੰਦੀ ਹੈ -ਪਿਆਰ ਹੀ ਜ਼ਿੰਦਗੀ ਜਿਉਣ ਦਾ ਇੱਕ ਸਫ਼ਲ ਮਾਰਗ ਹੈ, ਪਿਆਰ ਦੇ ਮਾਰਗ ਉੱਪਰ ਚੱਲਦਿਆਂ ਮਨੁੱਖ ਨੂੰ ਛੋਟੀਆਂ-ਛੋਟੀਆਂ ਗੱਲਾਂ ‘ਚੋਂ ਖੁਸ਼ੀਆਂ ਨੂੰ ਤਲਾਸ਼ਣ ਦੀ ਜਾਂਚ ਨੂੰ ਸਿੱਖਣਾ ਪਵੇਗਾ। ਜਦੋਂ ਪਿਆਰ ਹੀ ਜਿੰਦਗੀ ਦਾ ਮੂਲ ਅਧਾਰ ਤੇ ਸ੍ਰੋਤ ਹੈ ਤਾਂ ਫਿਰ ਮਨੁੱਖ ਨੂੰ ਬੇਅਰਥ ਦੀਆਂ ਚਿੰਤਾਵਾਂ ਤੋਂ ਮੁਕਤ ਹੁੰਦੇ ਹੋਇਆਂ, ਸਕਾਰਾਤਮਕ ਸਮਾਜ ਦੀ ਸਿਰਜਣਾ ਨੂੰ ਤਰਜੀਹ ਦਿੰਦੇ ਹੋਇਆ ਪਿਆਰ ਦਾ ਪਸਾਰਾ ਕਰਨਾ ਚਾਹੀਦਾ ਹੈ, ਪਿਆਰ ਹੀ ਜ਼ਿੰਦਗੀ ਨੂੰ ਸਫ਼ਲ ਜਿਊਣ ਦਾ ਇਕੋ-ਇੱਕ ਸਾਧਨ ਹੈ।
- ਗੁਰਪ੍ਰੀਤ ਸਿੰਘ ਬੀੜ ਕਿਸਨ
ਪਿੰਡ ਬੀਜਾ, ਤਹਿ. ਖੰਨਾ, ਲੁਧਿਆਣਾ
ਮੋਬਾ, ਨੰ. 99884-66885