ਬੁੱਢੀ ਵਾਲੀ ਪੈਨਸ਼ਨ

ਰੋਮ ਸ਼ਹਿਰ ਦੁਨੀਆਂ ਦਾ ਮੰਨਿਆ ਪਰਮੰਨਿਆਂ ਸ਼ਹਿਰ, ਜਿਸ ਨੂੰ ਹਜ਼ਾਰਾਂ ਵਿਦੇਸ਼ੀ ਰੋਜ਼ ਦੇਖਣ ਲਈ ਆਉਂਦੇ, ਅਟਲਾਂਟਕ ਸਮੁੰਦਰ ਦੇ ਕਿਨਾਰੇ ਤੇ ਘੁੱਗ ਵੱਸਦਾ ਸ਼ਹਿਰ, ਜਿਸ ਦੀਆਂ ਪੁਰਾਤਨ ਇਮਾਰਤਾਂ ਦੀਆਂ ਤਸਵੀਰਾਂ ਖਿੱਚਣ ਵਾਲਿਆਂ ਦੀ ਹਮੇਸ਼ਾਂ ਭੀੜ ਲੱਗੀ ਰਹਿੰਦੀ। ਏਨੀ ਚਹਿਲ ਪਹਿਲ ਵਾਲੇ, ਲੋਕਾਂ ਨਾਲ ਖਚਾ ਖਚ ਭਰੇ ਸ਼ਹਿਰ ਵਿੱਚ ਮੈਂ ਪਹਿਲੀ ਰਾਤ ਮਾਲਟਾ ਪੈਨਸ਼ਨ ਵਿੱਚ ਇਸ ਤਰ੍ਹਾਂ ਬਿਤਾਈ ਜਿਵੇਂ ਮੈਂ ਕਿਸੇ ਜੰਗਲ ਬੀਆਬਾਨ ਵਿੱਚ ਬਿਲਕੁਲ ਇਕੱਲਾ ਹੋਵਾਂ। ਆਪਣੇ ਜਿਸ ਪਾਸੇ ਨਜ਼ਰ ਮਾਰਾਂ ਕੋਈ ਰਸਤਾ ਨਜ਼ਰ ਨਾ ਆਵੇ। ਨੌਕਰ ਚਾਕਰ ਡਰਾਈਵਰ ਤਾਂ ਇੱਕ ਪਾਸੇ ਮੈਨੂੰ ਤਾਂ ਅਗਲਾ ਕਦਮ ਚੁੱਕਣ ਤੋਂ ਪਹਿਲਾਂ ਵੀ ਸੋਚਣਾ ਪੈ ਰਿਹਾ ਸੀ ਕਿ ਕਿਤੇ ਗ਼ਲਤ ਜਗ੍ਹਾ ‘ਤੇ ਪੈਰ ਨਾ ਰੱਖਿਆ ਜਾਵੇ। ਤਰਸੇਮ ਦੇ ਆਸਰੇ ਇਟਲੀ ਆਇਆ ਪਰ ਸੇਮੇਂ ਨੂੰ ਦਿੱਲੀ ਏਅਰਪੋਰਟ ਤੇ ਰੋਕ ਲਿਆ, ਮੈਂ ਵਾੜ ਵਿੱਚ ਫਸੇ ਬਿੱਲੇ ਵਾਂਗ ਝਾਕਾਂ। ਸਵੇਰ ਹੋ ਗਈ, ਮੈਂ ਇਸ਼ਨਾਨ ਪਾਣੀ ਕਰਕੇ, ਕੱਪੜਾ ਲੱਤਾ ਪਾ ਕੇ ਤਿਆਰ ਵਿਆਰ ਤਾਂ ਹੋਇਆ ਪਰ ਜਾਣਾ ਕਿੱਧਰ ਨੂੰ? ਜੱਕੋ ਤੱਕੀ ਕਰਦਾ ਹੌਲੀ ਹੌਲੀ ਮੈਂ ਬਾਹਰ ਨਿਕਲਿਆ। ਹਾਲੇ ਕੁਝ ਕਦਮ ਹੀ ਤੁਰਿਆ ਸੀ ਕਿ ਅੱਗਿਓਂ ਸੇਮਾ ਤੁਰਿਆ ਆਵੇ। ਉਹ ਤਾਂ ਹੱਸਦਾ ਹੱਸਦਾ ਤੁਰਿਆ ਆਵੇ ਪਰ ਮੇਰਾ ਜੀਅ ਕਰੇ ਉਸਦੇ ਗਲ ਲੱਗ ਕੇ ਉੱਚੀ-ਉੱਚੀ ਧਾਹਾਂ ਮਾਰ ਕੇ ਰੋਵਾਂ। ਖੈਰ ਸੇਮੇ ਨੇ ਦੱਸਿਆ ਕਿ ਰਿਸ਼ਵਤ ਦੇ ਕੇ ਅਗਲੇ ਦਿਨ ਦਿੱਲੀਓਂ ਮੋਹਰ ਲਵਾ ਕੇ ਚੜ੍ਹ ਆਇਆਂ। ਸੇਮੇ ਨੂੰ ਮਿਲ ਕੇ ਮੇਰੀ ਜਾਨ ਵਿੱਚ ਜਾਨ ਪਈ। ਓਹੀ ਰੋਮ ਸ਼ਹਿਰ ਜਿਹੜਾ ਮੈਨੂੰ ਵੱਢ ਵੱਢ ਖਾ ਰਿਹਾ ਸੀ, ਸੋਹਣਾ ਲੱਗਣ ਲੱਗ ਪਿਆ। ਮੇਰਾ ਵੀ ਮਾੜਾ ਮੋਟਾ ਹਾਸਾ ਨਿੱਕਲਿਆ।

ਤਰਸੇਮ ਦੇ ਕਹਿਣ ‘ਤੇ ਅਸੀਂ ਬੁੱਢੀ ਵਾਲੀ ਪੈਨਸ਼ਨ ਵਿੱਚ ਜਾਣ ਦਾ ਪ੍ਰੋਗਰਾਮ ਬਣਾ ਲਿਆ। ਮੈਂ ਆਪਣੀਂ ਜੁੱਲੀ ਤਪੜੀ ਚੁੱਕੀ ਤੇ ਸੇਮੇ ਦੇ ਮਗਰ ਮਗਰ ਹੋ ਤੁਰਿਆ। ਬੁੱਢੀ ਇਟਾਲੀਅਨ ਸੱਤਰ ਪੰਝੱਤਰ ਸਾਲ ਦੇ ਕਰੀਬ ਹੋਵੇਗੀ। ਉਸ ਦੀ ਪੈਨਸ਼ਨ (ਮੋਟਲ) ਵਿੱਚ ਬਹੁਤ ਸਾਰੇ ਪੰਜਾਬੀ ਮੁੰਡੇ ਰਹਿੰਦੇ ਸੀ। ਸਾਰੇ ਪੰਜਾਬੀ ਉਸ ਬੁੱਢੀ ਨੂੰ ਮੰਮ੍ਹਾਂ ਆਖ ਕੇ ਬੁਲਾਉਂਦੇ, ਉਸ ਨੂੰ ਵੀ ਬਹੁਤ ਚੰਗਾ ਲੱਗਦਾ। ਕਈ ਮੁੰਡੇ ਤਾਂ ਬਹੁਤ ਦੇਰ ਤੋਂ ਉਥੇ ਰਹਿੰਦੇ ਸਨ। ਜੇ ਕਿਸੇ ਨੇ ਲੇਟ ਹੋ ਜਾਣਾ ਤਾਂ ਮੰਮੀ ਨੇ ਫਿਕਰ ਕਰਨਾ, ਜੇ ਕਿਸੇ ਨੇ ਸਵੇਰ ਨੂੰ ਕਿਸੇ ਇੰਟਰਵਿਊ ‘ਤੇ ਜਾਣਾ ਹੁੰਦਾ ਤਾਂ ਸਕੀਆਂ ਮਾਵਾਂ ਵਾਂਗ ਅਰਦਾਸਾਂ ਕਰਦੀ ਫਿਰਦੀ, ਟਾਇਮ ਨਾਲ ਜਗਾਉਣਾ ਆਪਣਾ ਫਰਜ਼ ਸਮਝਦੀ।

ਜਿਹੜਾ ਵੀ ਉਸ ਪੈਨਸ਼ਨ ਵਿੱਚ ਰਹਿ ਕੇ ਜਾਂਦਾ ਉਹ ਜਿੱਥੇ ਕਿਤੇ ਮਰਜ਼ੀ ਕੰਮ ‘ਤੇ ਲੱਗੇ, ਮੰਮਾਂ ਕੋਲ ਸਾਰੀ ਖ਼ਬਰ ਹੁੰਦੀ। ਜੇ ਕਿਸੇ ਪੰਜਾਬੀ ਨੂੰ ਇਟਲੀ ਵਿੱਚੋਂ ਲੱਭਣਾਂ ਹੋਵੇ ਤਾਂ ਬੁੱਢੀ ਵਾਲੀ ਪੈਨਸ਼ਨ ਜਾ ਕੇ ਹਰ ਕਿਸੇ ਦਾ ਪਤਾ ਸਿਰਨਾਵਾਂ ਮਿਲ ਜਾਂਦਾ। ਬਹੁਤੇ ਪੰਜਾਬੀ ਮੁੰਡੇ ਟੂਰਿਸਟ ਵੀਜ਼ੇ ‘ਤੇ ਹੀ ਇਟਲੀ ਆਉਂਦੇ, ਜੇ ਕਿਸੇ ਨੂੰ ਖੇਤਾਂ ਵਿੱਚ ਜਾਂ ਸਰਕਸ ਵਿੱਚ ਕੰਮ ਮਿਲ ਜਾਣਾ ਤੇ ਕੁਝ ਪੈਸੇ ਬਣ ਜਾਣੇ ਤਾਂ ਮੰਮਾਂ ਕੋਲ ਜਮ੍ਹਾ। ਬਹੁਤੇ ਪਿਆਰ ਕਰਦੀ, ਸਾਰਿਆਂ ਨੂੰ ਆਪਣੇ ਬੱਚੇ ਸਮਝਦੀ। ਕਈ ਵਾਰ ਕੋਈ ਗਲਤੀ ਹੋ ਜਾਣੀ ਤਾਂ ਝਿੜਕਣਾ ਵੀ ਆਪਣਾ ਹੱਕ ਸਮਝਦੀ। ਘਰ ਵਰਗਾ ਵਾਤਾਵਰਣ ਮੈਨੂੰ ਬੜਾ ਵਧੀਆ ਲੱਗਾ। ਅਸੀਂ ਰਲ ਮਿਲ ਕੇ ਖਾਣਾ ਬਣਾ ਲੈਣਾ ਤੇ ਮਿਲ ਬੈਠਕੇ ਖਾਣਾ । ਲਾਗੇ ਬੰਨੇ ਕੰਮ ਕਰਨ ਵਾਲੇ ਮੁੰਡੇ ਵੀ ਆ ਜਾਂਦੇ। ਦੁਪਹਿਰ ਵੇਲੇ ਤਾਸ਼ ਚੱਲਣੀ। ਇੱਕ ਦਿਨ ਸਵੇਰੇ ਸਵੇਰੇ ਸੇਮਾ ਕਹਿਣ ਲੱਗਾ, ਚੱਲ ਕੁਝ ਦਿਨ ਆਪਾਂ ਸਰਕਸ ਵਿੱਚ ਹੀ ਕੰਮ ਕਰ ਲੈਂਦੇ ਹਾਂ, ਥੋੜ੍ਹਾ-ਬਹੁਤਾ ਖਰਚਾ ਹੀ ਬਣ ਜਾਊ। ਸਾਨੂੰ ਪਤਾ ਲੱਗਾ ਕਿ ਮਿਲਾਨੋ ਸਰਕਸ ਲੱਗੀ ਹੋਈ ਹੈ।

ਟਰਾਂਮ ਲੈ ਕੇ ਅਸੀਂ ਮਿਲਾਨੋ ਸ਼ਹਿਰ ਪਹੁੰਚ ਗਏ। ਲੱਭਦੇ ਲਭਾਉਂਦੇ ਜਦ ਅਸੀਂ ਪਹੁੰਚੇ ਤਾਂ ਪਤਾ ਲੱਗਿਆ ਕਿ ਸਰਕਸ ਅੱਜ ਹੀ ਤੋਰੀਨੋ ਚਲੇ ਗਈ। ਅਸੀਂ ਤੋਰੀਨੋ ਜਾਣ ਲਈ ਜਦੋਂ ਟਰਮੀਨਲ ‘ਤੇ ਪਹੁੰਚੇ ਤਾਂ ਸਾਨੂੰ ਪਤਾ ਨਾ ਲੱਗੇ ਕਿ ਟਿਕਟ ਕਿੱਥੋਂ ਲੈਣੀ ਤੇ ਗੱਡੀ ਕਿੱਥੋਂ ਮਿਲਣੀ ਹੈ। ਹਾਲੇ ਅਸੀਂ ਸੋਚ ਹੀ ਰਹੇ ਸਾਂ ਕਿ ਇੱਕ ਸਰਦਾਰ ਵਧੀਆ ਸੂਟ ਪਾਇਆ ਹੋਇਆ, ਪੱਗ ਠੋਕ ਕੇ ਬੱਧੀ ਹੋਈ, ਹੱਥ ਵਿੱਚ ਬ੍ਰੀਫਕੇਸ, ਲਿਸ਼ਕਦੇ ਬੂਟ, ਤੁਰਿਆ ਆਵੇ ਅਸੀਂ ਸਤਿ ਸ੍ਰੀ ਅਕਾਲ ਬੁਲਾ ਕੇ ਜਦ ਪੁੱਛਿਆ ਕਿ ਤੋਰੀਨੋ ਜਾਣ ਲਈ ਟਿਕਟ ਕਿੱਥੋਂ ਲੈਣੀ ਹੈ ਤਾਂ ਸਰਦਾਰ ਜੀ ਕਹਿਣ ਲੱਗੇ ਆ ਜਾਓ ਮੇਰੇ ਨਾਲ ਲਾਗਿਓਂ ਹੀ ਦੋ ਟਿਕਟਾਂ ਖਰੀਦ ਕੇ ਆਪਣੇ ਕੋਲੋਂ ਹੀ ਪੈਸੇ ਦੇ ਕੇ ਸਾਨੂੰ ਗੱਡੀ ਤੇ ਚੜ੍ਹਾ ਦਿੱਤਾ। ਮੈਂ ਜਦ ਪੈਸੇ ਦੇਣ ਦਾ ਯਤਨ ਕੀਤਾ ਤਾਂ ਕਹਿਣ ਲੱਗਾ ਵਾਹਿਗੁਰੂ ਬੋਲੋ ਜੀ ਤੇ ਕਾਹਲੀ ਕਾਹਲੀ ਅਗਲੇ ਪਾਸੇ ਚਲੇ ਗਿਆ । ਉਸ ਸਿੱਖ ਦਾ ਸਾਨੂੰ ਨਾਮ ਵੀ ਨਹੀਂ ਪਤਾ ਕੀ ਸੀ । ਬੱਸ ਆਪਣੇ ਪੰਜਾਬੀ ਭਰਾ ਜਾਣ ਕੇ ਹੀ ਸਾਨੂੰ ਟਿਕਟਾਂ ਆਪਣੇ ਕੋਲੋਂ ਲੈ ਕੇ ਦੇ ਗਿਆ। ਗੱਡੀ ਚੱਲ ਪਈ, ਸੇਮਾ ਕਹਿਣ ਲੱਗਾ ਯਾਰ ਕੰਮ ਮਿਲ ਜਾਵੇ ਤਾਂ ਵੀ ਆ!

ਮੈਂ ਕਿਹਾ ਸਰਕਸ ਵਿੱਚ ਕੰਮ ਮਿਲ ਗਿਆ ਤਾਂ ਵਧੀਆ ਨਹੀਂ ਤਾਂ ਚੱਲ ਪੱਜ ਨਾਲ ਇੰਦਰਾ ਗਾਂਧੀ ਦੇ ਕੁੜਮਾਂ ਦਾ ਸ਼ਹਿਰ ਹੀ ਦੇਖ ਚੱਲਾਂਗੇ । ਸੇਮਾ ਇਹ ਸੁਣ ਕੇ ਬੜਾ ਹੱਸਿਆ। ਸੂਰਜ ਮਿਟਦੇ ਕਰਦੇ ਨੂੰ ਅਸੀਂ ਤੋਰੀਨੋ ਪਹੁੰਚ ਗਏ। ਪਤਾ ਕੀਤਾ ਲੇਕਿਨ ਸਰਕਸ ਵਿੱਚ ਤਾਂ ਪਹਿਲਾਂ ਹੀ ਲੋੜ ਨਾਲੋਂ ਵੱਧ ਬੰਦੇ ਸਨ। ਰਾਤ ਤੋਰੀਨੋ ਰਹੇ ਸਵੇਰੇ ਉੱਠ ਕੇ ਅਸੀਂ ਸੀਅ ਪੋਰਟ ਤੇ ਵੀ ਗਏ। ਘੁੰਮਦੇ ਫਿਰਦੇ ਫਿਰ ਵਾਪਿਸ ਰੋਮ ਮੁੰਮਾਂ ਦੀ ਪੈਨਸ਼ਨ ਵਿੱਚ ਜਾ ਸੁੱਤੇ। ਸਾਰੀ ਰਾਤ ਮੇਰੀਆਂ ਅੱਖਾਂ ਸਾਹਮਣੇ ਵੱਡੇ-ਵੱਡੇ ਸਮੁੰਦਰੀ ਜਹਾਜ਼ ਹੀ ਘੁੰਮੀ ਗਏ। ਸਵੇਰੇ ਜਦੋਂ ਉੱਠੇ ਤਾਂ ਮੈਂ ਸੇਮੇ ਨੂੰ ਦੱਸਿਆ ਕਿ ਰਾਤੀਂ ਮੈਨੂੰ ਇੱਕ ਸੁਪਨਾ ਆਇਆ ਕਿ ਤੂੰ ਉਸ ਸੀਅ ਪੋਰਟ ਤੇ ਗਿਆ ਤੇ ਇੱਕ ਜਹਾਜ਼ ਵਿੱਚ ਤੈਨੂੰ ਨੌਕਰੀ ਮਿਲ ਗਈ। ਤੂੰ ਚਲੇ ਗਿਆ ਤੇ ਮੈਂ ਫਿਰ ਇਕੱਲਾ ਰਹਿ ਗਿਆ। ਇਹ ਸੋਚ ਕੇ ਡਰ ਨਾਲ ਮੈਂ ਅੱਬੜਵਾਹੇ ਉੱਠ ਖੜੋਇਆ। ਪਹਿਲਾਂ ਤਾਂ ਸੇਮਾ ਹੱਸ ਪਿਆ ਪਰ ਮਿੰਟ ਕੁ ਬਾਅਦ ਪੁੱਛਣ ਲੱਗਾ, ਕਿਸ ਵੇਲੇ ਆਇਆ ਸੁਪਨਾ? ਜਦ ਮੈਂ ਦੱਸਿਆ ਕਿ ਤੜਕੇ ਆਇਆ ਤਾਂ ਸੇਮਾ ਕਹਿਣ ਲੱਗਾ, ਤੜਕੇ ਦਾ ਸੁਪਨਾ ਕਈ ਵਾਰ ਸੱਚ ਹੋ ਜਾਂਦਾ। ਮੇਰੇ ਨਾਲ ਸਲਾਹ ਕਰਕੇ ਸੇਮਾ ਫਿਰ ਗੱਡੀ ਚੜ੍ਹ ਗਿਆ। ਅਗਲੇ ਦਿਨ ਫੋਨ ਆਇਆ ਸੇਮਾ ਕਹਿਣ ਲੱਗਾ, ਤੇਰਾ ਸੁਪਨਾ ਸੱਚਾ ਨਿੱਕਲਿਆ, ਮੈਨੂੰ ਸ਼ਿੱਪ ‘ਤੇ ਕੰਮ ਮਿਲ ਗਿਆ। ਅੱਜ ਹੀ ਸ਼ਿੱਪ ਸੇਲ ਕਰ ਜਾਵੇਗਾ। ਮੈਂ ਤੈਨੂੰ ਮਿਲ ਵੀ ਨਹੀਂ ਸਕਦਾ ਪਰ ਫਿਕਰ ਨਾ ਕਰੀਂ। ਮੈਂ ਤੇਰਾ ਵੀ ਕੋਈ ਇੰਤਜ਼ਾਮ ਕਰੂੰਗਾ। ਸੇਮੇ ਨੂੰ ਨੌਕਰੀ ਮਿਲਣ ਦੀ ਮੈਨੂੰ ਬਹੁਤ ਖੁਸ਼ੀ ਹੋਈ।

ਲੇਕਿਨ ਫਿਰ ਕੱਲੇ ਰਹਿ ਜਾਣ ਦੀ ਉਦਾਸੀ ਵਿੱਚ ਮੇਰਾ ਸਾਰਾ ਦਿਨ ਕੁਝ ਖਾਣ ਪੀਣ ਨੂੰ ਦਿਲ ਨਾ ਕੀਤਾ। ਮੈਂ ਕਿਤੇ ਨਾ ਗਿਆ, ਸਾਰਾ ਦਿਨ ਮੰਜੇ ਤੇ ਹੀ ਪਿਆ ਰਿਹਾ। ਮੰਮ੍ਹਾਂ ਨੂੰ ਫਿਕਰ ਹੋ ਗਿਆ, ਮੈਨੂੰ ਦੂਸਰੇ ਪੰਜਾਬੀ ਮੁੰਡਿਆਂ ਨੇ ਦੱਸਿਆ ਕਿ ਮੰਮ੍ਹਾਂ ਪੁੱਛਦੀ ਹੈ ਕਿਸੇ ਦਵਾਈ ਦੀ ਲੋੜ ਹੈ ਤਾਂ ਦੱਸ। ਸੇਮਾ ਜਿਸ ਨੂੰ ਕੁਝ ਦਿਨ ਪਹਿਲਾਂ ਦਿੱਲੀ ਮਿਲਿਆ ਸੀ, ਕੋਈ ਰਿਸ਼ਤਾ ਨਾ ਹੁੰਦਿਆਂ ਵੀ ਉਸਦੇ ਵਿਛੋੜੇ ਦਾ ਦਰਦ ਮੈਨੂੰ ਕਦੇ ਨਹੀਂ ਭੁੱਲਿਆ।