ਬੰਦ ਕਮਰੇ
ਤਰਲੋਚਨ ਸਿੰਘ ਘਈ ਤੇ ਉਸ ਦੀ ਘਰਵਾਲੀ ਵੀਨਾ ਘਈ ਦੋਵੇਂ ਸਰਕਾਰੀ ਨੌਕਰ ਹਨ। ਤਰਲੋਚਨ ਮਿਊਂਸਪਲ ਕਾਰਪੋਰੇਸ਼ਨ ਹੁਸ਼ਿਆਰਪੁਰ ਮਹਿਕਮੇ ਵਿੱਚ ਇੱਕ ਚੰਗੇ ਉਹਦੇ ਤੇ ਅਤੇ ਉਸ ਦੀ ਘਰਵਾਲੀ ਵੀਨਾ ਸਿਹਤ ਵਿਭਾਗ ਵਿੱਚ ਨੌਕਰੀ ਕਰਦੀ ਹੈ। ਦੋਵੇਂ ਜਾਣੇ ਆਪਣੇ ਬੱਚਿਆਂ ਦੀ ਪੜ੍ਹਾਈ ਕਰਾਉਣ ਲਈ ਬਹੁਤ ਜ਼ਿਆਦਾ ਤਰਜੀਹ ਦਿੰਦੇ ਹਨ ਦੋਵਾਂ ਦੇ ਦੋ ਬੱਚੇ ਹਨ, ਬੇਟਾ ਰਵਿੰਦਰ ਬੇਟੀ ਕਿਰਨ ਜਿਸ ਨੇ ਬੀ.ਸੀ.ਏ. ਕਰ ਲਈ ਹੈ ਅਤੇ ਹੁਣ ਅਗਲੀ ਪੜ੍ਹਾਈ ਲਈ ਵਿਦੇਸ਼ ਦਾ ਅਪਲਾਈ ਕੀਤਾ ਹੈ ਬੇਟਾ ਰਵਿੰਦਰ ਵੱਡਾ ਹੈ ਤੇ ਉਹ ਕਨੇਡਾ ਵਿੱਚ ਇਸ ਸਾਲ ਹੀ ਗਿਆ ਹੈ।
ਤਰਲੋਚਨ ਸਿੰਘ ਘਈ ਨੇ ਹਜੇ ਪਿਛਲੇ ਸਾਲ ਹੀ ਆਪਣੀ ਭਰਾਵਾਂ ਨਾਲ ਸਾਂਝੀ ਜ਼ਮੀਨ ਦਾ ਸੌਦਾ ਕੀਤਾ ਹੈ ਉਸ ਦੇ ਹਿੱਸੇ ਇੱਕ ਕਰੋੜ ਚਾਲੀ ਲੱਖ ਦੇ ਕਰੀਬ ਰੁਪਏ ਆਏ ਸਨ ਉਸ ਨੇ ਨਵੀਂ ਗੱਡੀ ਨਵੀਂ ਕੋਠੀ ਪਾਈ ਨਵੀਂ ਕੋਠੀ ਕੋਈ ਤਿੰਨ ਮੰਜ਼ਿਲਾ ਇਮਾਰਤ ਹੈ। ਉਸ ਦਾ ਕੰਮ ਹਜੇ ਵੀ ਥੋੜ੍ਹਾ ਬਹੁਤਾ ਚੱਲ ਰਿਹਾ ਹੈ ਤੀਜੀ ਇਮਾਰਤ ਦੀ ਉਸਾਰੀ ਦਾ ਕੰਮ ਉਹਨਾਂ ਪੰਡਤਾਂ ਦੇ ਆਖਣ ਅਨੁਸਾਰ ਰੋਕ ਲਿਆ ਹੈ ਕਿ ਹਜੇ ਤਾਰਾ ਡੁੱਬ ਗਿਆ ਹੈ। ਪਰ ਨਿਚਲੀਆਂ ਮੰਜ਼ਿਲਾਂ ਵਿੱਚ ਹਰ ਇੱਕ ਕਮਰਾ ਆਧੁਨਿਕਤਾ ਨਾਲ ਭਰਪੂਰ ਤਰੀਕੇ ਨਾਲ ਬਣਾਇਆ ਗਿਆ ਬੱਚਿਆਂ ਲਈ ਵੱਖ- ਵੱਖ ਕਮਰੇ ਅਲਗ ਅਲਗ ਐਲ ਈ ਡੀਸ, ਸਟੱਡੀ ਰੂਮ, ਅਲੀਸ਼ਾਨ ਬਾਥਰੂਮ, ਸ਼ਾਨਦਾਰ ਰਸੋਈ, ਗੈਸਟ ਰੂਮ, ਵੱਡਾ ਦਸਤਰਖਾਨ (ਰੋਟੀ ਖਾਣ ਵਾਲਾ ਟੇਬਲ) ਅਤੇ ਅਲੱਗ ਕਮਰਾ, ਬਾਹਰ ਬਗੀਚੇ ਵਿੱਚ ਫੁੱਲ ਤੇ ਇੱਕ ਪਾਲਤੂ ਅਮਰੀਕੀ ਨਸਲ ਦਾ ਕੁੱਤਾ।
ਕੁੱਲ ਮਿਲਾ ਕੇ 10- ਕਮਰੇ ਤੇ ਵੱਡਾ ਹਾਲ ਸ਼ਾਨਦਾਰ ਝੁੰਮਰ ਤੇ ਨਿੱਚੇ ਸੋਫੇ ਤੇ ਆਰਾਮ ਕੁਰਸੀ। ਤਰਲੋਚਨ ਸਿੰਘ ਵਾਸਤੇ ਪਿਛਲੇ ਕੁਝ ਸਾਲਾਂ ਤੋਂ ਸਭ ਕੁਝ ਠੀਕ ਤੇ ਚੜ੍ਹਦੀ ਕਲਾ ਵਿੱਚ ਰਹੇ। ਪਹਿਲਾਂ ਅਫਸਰੀ ਵਿੱਚ ਤਰੱਕੀ, ਲੜਕਾ ਕਨੈਡਾ ਵਿੱਚ ਸਟੱਡੀ ਲਈ ਚਲਾ ਗਿਆ, ਜ਼ਮੀਨੀ ਸੌਦੇ ਵਿੱਚ ਕਰੋੜ ਤੋਂ ਵੱਧ ਫਾਇਦਾ ਘਰਵਾਲੀ ਦੀ ਤਰੱਕੀ ਵੀ ਹੋ ਗਈ ਪੁਰਾਣੇ ਮਕਾਨ ਦਾ ਵੀ ਤੀਹ ਲੱਖ ਮਿਲ ਗਿਆ ਤੇ ਨਵੀਂ ਕੋਠੀ ਜੋ ਕਿ ਤਕਰੀਬਨ 70- 75 ਲੱਖ ਦੀ ਲਾਗਤ ਨਾਲ ਤਿਆਰ ਕੀਤੀ ਜਾ ਰਹੀ ਸੀ। ਸਭਵਧੀਆ ਸੀ। ਅੱਜ ਸਵੇਰੇ ਸਵੇਰੇ ਉਸ ਦੇ ਫੋਨ ਤੇ ਘੰਟੀ ਵੱਜਦੀ ਹੈ ਤੇ ਵੀਜ਼ਾ ਕੰਸਰਟ ਕੰਪਨੀ ਤੋਂ ਇੱਕ ਲੜਕੀ ਦਾ ਫੋਨ ਆਉਂਦਾ ਹੈ ਕਿ “ਤੁਸੀਂ ਕਿਰਨ ਦੇ ਪਿਤਾ ਤਰਲੋਚਨ ਸਿੰਘ ਘਈ ਗੱਲ ਕਰ ਰਹੇ ਹੋ ਤੁਹਾਡੀ ਬੇਟੀ ਦੀ ਫਾਈਲ ਲਗਾਈ ਹੈ ਆਸਟਰੇਲੀਆ ਦੀ ਉਸ ਬਾਰੇ ਤੁਹਾਨੂੰ ਪਤਾ ਅੱਜ ਰਾਤ ਤੱਕ ਚੱਲੇਗਾ ਕਿਰਪਾ ਕਰਕੇ ਆਪਣੇ ਫ਼ੋਨ ਨੂੰ ਆਪਣੇ ਕੋਲ ਰੱਖਣਾ ਕਿਸੇ ਸਮੇਂ ਵੀ ਫੋਨ ਆ ਸਕਦਾ ਹੈ;। ਤਰਲੋਚਨ ਸਿੰਘ ਆਖਦਾ ਹੈ “ਠੀਕ ਹੈ ਜੀ”।
ਤਰਲੋਚਨ ਸਿੰਘ ਅਤੇ ਉਸ ਦੀ ਘਰਵਾਲੀ ਵੀਨਾ ਦੋਵੇਂ ਜਾਣੇ ਗੱਡੀ ਵਿੱਚ ਆਪਣੇ ਦਫਤਰ ਜਾਂਦੇ ਹਨ ਰਾਹ ਵਿੱਚ ਦੋਵੇਂ ਸਲਾਹ ਕਰਦੇ ਹਨ ਕੀ ਦਫ਼ਤਰ ਤੋਂ ਬਾਅਦ ਆਪਾਂ ਦੋਵੇਂ ਕਾਲੀ ਮਾਤਾ ਮੰਦਿਰ ਵਾਲੇ ਪੰਡਿਤ ਜੀ ਕੋਲੋਂ ਪੁੱਛਗਿੱਛ ਕਰ ਕੇ ਮੱਥਾ ਟੇਕ ਕੇ ਕਿਰਨ ਦੇ ਵੀਜ਼ੇ ਬਾਰੇ ਗੱਲ ਕਰ ਕੇ ਆਵਾਂਗੇ ਤਾਂ ਕਿ ਜਲਦੀ ਕੰਮ ਤੇ ਨਿਰਵਿਘਨ ਹੋ ਜਾਵੇ ਕਿਉਂਕਿ ਉਹ ਉਹਨਾ ਦੀ ਸਲਾਹ ਬਗੈਰ ਇੱਕ ਇੱਟ ਵੀ ਨਹੀਂ ਲਾਉਂਦੇ। ਰਾਹ ਵਿੱਚ ਵੀਨਾਂ ਨੂੰ ਲਾਉਣ ਤੋਂ ਬਾਅਦ ਤਰਲੋਚਨ ਆਪਣੇ ਦਫਤਰ ਚੱਲਾ ਜਾਂਦਾ ਹੈ। ਉੱਥੇ ਉਹ 5 ਵਜੇ ਛੁੱਟੀ ਕਰਦਾ ਹੈ ਅਤੇ ਵੀਨਾ ਜੋ ਕਿ ਉਸਦੇ ਦੱਸੇ ਅਨੁਸਾਰ ਮੰਦਰ ਪਹਿਲਾਂ ਹੀ ਪਹੁੰਚ ਜਾਂਦੀ ਹੈ ਦੋਵੇਂ ਜਾਣੇ ਮੰਦਰ ਦੇ ਅੰਦਰ ਜਾਂਦੇ ਹਨ ਅਤੇ ਪੰਡਿਤ ਜੀ ਨੂੰ ਮਿਲਦੇ ਹਨ ਪੰਡਿਤ ਜੀ ਉਹਨਾਂ ਨੂੰ ਆਸ਼ਵਾਸਨ ਦਿੰਦੇ ਹਨ ਇਸ ਤੋਂ ਬਾਅਦ ਦੋਵੇਂ ਜਾਣੇ ਉੱਥੋਂ ਨਿਕਲ ਜਾਂਦੇ ਹਨ। ਵੀਨਾ ਰਸਤੇ ਵਿੱਚ ਕਹਿੰਦੀ ਹੈ ਕਿ ਆਪਾਂ ਛੇਵੀਂ ਪਾਤਸ਼ਾਹੀ ਗੁਰਦੁਆਰੇ ਵੀ ਮੱਥਾ ਟੇਕ ਚੱਲੀਏ ਮਹਾਰਾਜ ਮੇਰੀ ਬੱਚੀ ਤੇ ਮਿਹਰ ਕਰਨ ਤੇ ਉਸਦਾ ਜਲਦੀ ਕੰਮ ਬਣ ਜਾਵੇ ਤਰਲੋਚਨ ਆਪਣੀ ਗੱਡੀ ਨੂੰ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਲੈ ਆਂਦਾ ਹੈ। ਦੋਵੇਂ ਜਾਣੇ ਅੰਦਰ ਵੜ ਜਾਂਦੇ ਹਨ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕ ਕੇ ਕੁਝ ਦੇਰ ਗੁਰਬਾਣੀ ਸੂਣਨ ਤੋਂ ਬਾਅਦ ਉਹ ਦੋਵੇਂ ਬਾਹਰ ਨਿਕਲਦੇ ਹਨ ਵੀਨਾ ਆਪਣਾ ਜੋੜੇ ਪਾ ਕੇ ਗੱਡੀ ਦੇ ਕੋਲ ਖੜੀ ਹੋ ਜਾਂਦੀ ਹੈ ਅਤੇ ਤਰਲੋਚਨ ਨੂੰ ਉਡੀਕਦੀ ਹੈ ਤਰਲੋਚਨ ਜਦੋਂ ਉਥੋਂ ਨਿਕਲਣ ਲੱਗਦਾ ਹੈ ਤਾਂ ਉਸਦੀ ਨਜਰ ਇੱਕ ਬਜੁਰਗ ਤੇ ਪੈਂਦੀ ਹੈ ਉਸ ਤੇ ਸਿਰ ਤੇ ਇੱਕ ਛੋਟੀ ਜਿਹੀ ਪਗਾੜੀ ਚਿੱਟੇ ਰੰਗ ਦੀ ਬੰਨ੍ਹੀ ਹੁੰਦੀ ਹੈ ਤੇ ਗੋਲ ਐਨਕ ਮੋਟੇ ਸ਼ੀਸ਼ਿਆਂ ਵਾਲੀ ਲੱਗੀ ਹੈ ਅਤੇ ਉਸਦੇ ਕੱਪੜੇ ਸਫੇਦ ਹੁੰਦੇ ਹਨ ਤੇ ਹੱਥ ਵਿੱਚ ਉਸਦੇ ਸੋਟੀ ਫੜੀ ਹੁੰਦੀ ਹੈ ਉਹ ਕਾਫੀ ਦੇਰ ਤੋਂ ਕਿਸੇ ਨੂੰ ਉਡੀਕ ਰਿਹਾ ਸੀ ਤਰਲੋਚਨ ਉਸਦੇ ਕੋਲ ਖੜਾ ਹੋ ਗਿਆ ਅਤੇ ਉਸ ਨੂੰ ਜਾ ਕੇ ਸਤਿ ਸ੍ਰੀ ਅਕਾਲ ਬੁਲਾਉਂਦਾ ਹੈ ਤੇ ਪੁੱਛਦਾ ਹੈ ਸਰਦਾਰ ਜੀ ਮੈਨੂੰ ਸਿਆਣਿਆ ਕੇ ਨਹੀਂ ਉਹ ਬਜੁਰਗ ਸਰਦਾਰ ਉੱਪਰ ਨੂੰ ਚਿਹਰਾ ਕਰਕੇ ਦੇਖਦਾ ਹੈ ਤਾਂ ਹਲਕਾ ਜਿਹਾ ਸਿਰ ਮਾਰਦਾ ਹੈ ਕੀ ਮੈਨੂੰ ਯਾਦ ਹੈ ਤੂੰ ਤਰਲੋਚਨ ਸਿੰਘ ਐ ਟਾਊਨ ਪਲੈਨਰ। ਤਰਲੋਚਨ ਉਸਦੇ ਗੋਡਿਆਂ ਨੂੰ ਹੱਥ ਲਾਉਂਦਾ ਹੈ ਅਤੇ ਆਖਦਾ ਹੈ “ਇੰਜੀਨੀਅਰ ਸਤਲੁਜ ਸਿੰਘ ਜੀ ਅੱਜ 10-12 ਸਾਲ ਬਾਅਦ ਤੁਹਾਡੇ ਦਰਸ਼ਨ ਹੋਏ ਹਨ ਸਾਨੂੰ ਤੁਸੀਂ ਭੁੱਲ ਹੀ ਗਏ ਸਾਨੂੰ, ਅੱਗੇ ਤਾਂ ਦਫਤਰ ਵਿੱਚ ਦੋ ਦੋ ਵਾਰ ਰੋਜ ਚਾਹ ਪੀਂਦੇ, ਰੋਟੀ ਵੀ ਇਕੱਠੇ ਖਾਂਦੇ ਸੀ । ਹੁਣ ਤਾਂ ਰਿਟਾਇਰਮੈਂਟ ਤੋਂ ਬਾਅਦ ਤੁਹਾਡੇ ਦੁਰਸ਼ਨ ਹੀ ਦੁਰਲਭ ਹੋ ਗਏ; ਸਤਲੁਜ ਸਿੰਘ ਆਖਦਾ ਹੈ ਬਸ ਦਫਤਰ ਤੋਂ ਬਾਹਰ ਵੀ ਕੋਈ ਦੁਨੀਆ ਹੈ ਇਹ ਰਿਟਾਇਰਮੈਂਟ ਤੋਂ ਬਾਅਦ ਪਤਾ ਚੱਲਿਆ ਕੁਲੋਚਨ ਸਿਆਂ; ਉਹਨਾਂ ਨੂੰ ਉਥੇ ਖੜੇ ਹੋਣ ਦਾ ਕਾਰਨ ਪੁੱਛਦਾ ਹੈ ਤੇ ਉਹ ਦੱਸਦਾ ਹੈ ਕੀ ਉਸ ਦੀ ਗੱਡੀ ਅੱਜ ਇੱਥੇ ਆ ਕੇ ਬੰਦ ਹੋ ਗਈ ਹੈ ਡਰਾਈਵਰ ਜੇ ਤੱਕ ਮਕੈਨਿਕ ਲੈ ਕੇ ਨਹੀਂ ਆਇਆ ਨਹੀਂ ਹੈ। ਉਹ ਮੈਨੂੰ ਛੱਡ ਕੇ ਕਹਿੰਦਾ ਜੀ ਮੈਂ ਬਸ ਸਰਦਾਰ ਜੀ ਦਸ ਮਿੰਟਾਂ ਚ ਆਉਂਦਾ ਹਾਂ, ਸੋਚ ਰਿਹਾ ਹਾਂ ਵੀ ਭਲਾ ਹੋਵੇ ਕਿਉਂ ਨਹੀਂ ਆਇਆਂ, ਕਹਿੰਦੇ ਨੂੰ ਤਰਲੋਚਨ ਸਿੰਘ ਉੱਥੇ ਪਈ ਕੁਰਸੀ ਦੇ ਉੱਪਰ ਬੈਠ ਜਾਂਦਾ ਹੈ ਉਧਰ ਵੀਨਾ ਵੀ ਹੌਲੀ ਹੌਲੀ ਉਥੇ ਆ ਪਹੁੰਚਦੀ ਹੈ ਤੇ ਪੁੱਛਦੀ ਹੈ ਕੀ ਗੱਲ ਹੋਈ ਤਲੋਚਨ ਦੱਸਦਾ ਹੈ ਵੀਨਾ ਜੀ ਪਹਿਚਾਣਿਆ ਇਹ ਕੌਣ ਹਨ। ਵੀਨਾ ਨੇ ਗੌਰ ਨਾਲ ਦੇਖਣ ਤੋਂ ਬਾਅਦ ਤੋਰਲੋਚਨ ਵੱਲ ਦੇਖਿਆ ਤੇ ਸਿਰ ਮਾਰ ਦਿੱਤਾ। ਉਸਨੇ ਦੱਸਿਆ “ਭਲੀਏ ਲੋਕੇ ਇਹ ਸਾਡੇ ਸੀਨੀਅਰ ਇੰਜੀਨੀਅਰ ਸਤਲੁਜ ਸਿੰਘ ਜੀ ਹਨ ਯਾਦ ਨਹੀਂ ਜਦੋਂ ਆਪਾਂ ਜਦੋਂ ਪਲਾਂਟ ਦਾ ਬਿਆਨਾ ਕਰਾਉਣਾ ਸੀ ਤਾਂ ਮੇਰੀ ਇੱਕੋ ਆਵਾਜ਼ ਕਾਰਨ ਇਹਨਾਂ ਨੇ ਇਕ ਲੱਖ ਰੁਪਿਆ ਆਪਾਂ ਨੂੰ ਮੌਕੇ ਤੇ ਦੇ ਦਿੱਤਾ ਸੀ ਤੇ ਕਿਹਾ ਸੀ ਜਦੋਂ ਹੋਣਗੇ ਮੋੜ ਦੇਵੀਂ ਤੇ ਕਈ ਵਾਰ ਦਫਤਰ ਦੇ ਵਿੱਚ ਮੇਰੇ ਵਾਸਤੇ ਕਈ ਅਧਿਕਾਰੀਆਂ ਦੇ ਨਾਲ ਕਈ ਵਾਰ ਸਿੱਧਾ ਹੋ ਜਾਂਦੇ ਸਨ; ਵੀਨਾ ਨੇ ਜੀ ਕਹਿ ਕੇ ਉਹਨਾਂ ਦੇ ਗੋਡੀ ਹੱਥ ਲਾਇਆ ਆਖਿਆ “ਮਾਫ ਕਰਨਾ ਸਰਦਾਰ ਜੀ ਉਦੋਂ ਤਾਂ ਤੁਹਾਡੀ ਦਾੜੀ ਕਾਲੀ ਕੀਤੀ ਹੁੰਦੀ ਸੀ, ਪਰ ਹੁਣ ਸਫੇਦ ਹੋਣ ਕਰਕੇ ਤੇ ਅੱਖਾਂ ਤੇ ਚਸ਼ਮਾ ਹੋਣ ਕਰਕੇ ਮੈਂ ਪਹਿਚਾਣ ਨਹੀਂ ਸਕੀ,” ਹੋਰ ਸੁਣਾਓ ਘਰ ਦਾ ਕੀ ਹਾਲ ਹੈ?” ਸਤਲੁਜ ਸਿੰਘ ਬਹੁਤ ਘੱਟ ਬੋਲਦਾ ਹੋਇਆ “ਆਖਦਾ ਹੈ ਸਭ ਠੀਕ ਹੈ ਬੇਟਾ, ਬਸ ਮੈਨੂੰ ਤੁਸੀਂ ਇਦਾਂ ਕਰੋ ਇੱਥੋਂ ਇੱਕ ਆਟੋ ਰਿਕਸ਼ਾ ਕਰ ਦਿਓ ਤੇ ਮੈਂ ਘਰ ਚਲਾ ਜਾਵਾਂ,” ਕਿਉਂਕਿ ਡਰਾਈਵਰ ਦਾ ਹਾਲੇ ਕੁਝ ਪਤਾ ਨਹੀਂ ਚਲਦਾ ਪਿਆ ਕਦੋਂ ਆਵੇ ਕਿ ਨਾ ਆਵੇ ਮੈਂ ਆਪਣਾ ਮੋਬਾਈਲ ਵੀ ਘਰ ਛੱਡ ਕੇ ਆ ਗਿਆ, ਇੰਨੇ ਨੂੰ ਵੀਨਾ ਨੇ ਕਿਹਾ “ਸਰਦਾਰ ਜੀ ਕੀ ਅਸੀਂ ਤੁਹਾਡੇ ਬੱਚਿਆਂ ਵਰਗੇ ਨਹੀਂ ਚੱਲੋ ਅਸੀਂ ਤੁਹਾਨੂੰ ਘਰ ਛੱਡ ਆਉਂਦੇ ਆ ਗੱਡੀ ਕੱਲ ਡਰਾਈਵਰ ਆ ਕੇ ਆਪੇ ਲੈ ਜਾਵੇਗਾ। ਇਨਾ ਕਹਿੰਦੇ ਹੋਏ ਸਤਲੁਜ ਸਿੰਘ ਨੂੰ ਤਰਲੋਚਨ ਨੇ ਗੱਡੀ ਵਿੱਚ ਬਿਠਾ ਲਿਆ ਤੇ ਗੱਡੀ ਲੈ ਕੇ ਹੌਲੀ ਹੌਲੀ ਗੁਰਦੁਆਰਾ ਸਾਹਿਬ ਤੋਂ ਨਿਕਲ ਗਿਆ ਜਾਣ ਲੱਗੇ ਉਥੇ ਦੀ ਸੇਵਾਦਾਰਾਂ ਨੂੰ ਆਂਖ ਦਿੱਤਾ ਕਿ ਇਹ ਗੱਡੀ ਇਥੇ ਖੜੀ ਹੈ ਤੇ ਡਰਾਈਵਰ ਗੱਡੀ ਇਥੋਂ ਲੈ ਜਾਵੇਗਾ।
ਰਸਤੇ ਦੇ ਵਿੱਚ ਤਰਲੋਚਨ ਨੇ ਕਈ ਸਵਾਲ ਕੀਤੇ ਤੇ ਸਤਲੁਜ ਨੇ ਕੋਈ ਵੀ ਉੱਤਰ ਨੂੰ ਠੀਕ ਤਰੀਕੇ ਨਾਲ ਨਹੀਂ ਦਿੱਤਾ ਉਹ ਖਾਮੋਸ਼ ਸੀ ਉਸ ਦੇ ਅੰਦਰ ਇੱਕ ਗਹਿਰਾਈ ਸੀ ਸੰਨਾਟਾ ਸੀ ਕਿਸੇ ਚੀਜ ਦਾ ਖਲਾਅ ਸੀ। ਤਰਲੋਚਨ ਸਿੰਘ ਯਾਦ ਕਰਦਾਂ ਹੈ ਕਿ ਆਪਣੇ ਸਮੇਂ ਵਿੱਚ ਸਤਲੁਜ ਸਿੰਘ ਦੀ ਦਫਤਰ ਵਿੱਚ ਹਾਜ਼ਰ ਜਵਾਬੀ ਦਾ ਹਰ ਕੋਈ ਕਾਇਲ ਸੀ ਉਹ ਲਾਜਵਾਬ ਸੀ, ਉਸ ਨੂੰ ਹਰ ਗੱਲ ਦਾ ਪਤਾ ਹੁੰਦਾ ਸੀ ਇੱਥੋਂ ਤੱਕ ਕਿ ਉਸ ਦੇ ਥੱਲੇ ਵਾਲੇ ਸਟਾਫ ਨੇ ਕਦੇ ਵੀ ਉਸ ਦੇ ਹੁੰਦਿਆਂ ਆਪਣੇ ਆਪ ਵਿੱਚ ਅਸਹਿਜ ਮਹਿਸੂਸ ਨਹੀਂ ਕੀਤਾ ਸੀ, ਅਤੇ ਪਿਛਲੇ ਪਾਸੇ ਬੈਠੇ ਅੱਜ ਦੇ ਸਤਲੁਜ ਸਿੰਘ ਨੂੰ ਬਾਰ ਬਾਰ ਸ਼ੀਸ਼ੇ ਵਿੱਚ ਦੇਖ ਕੇ ਅੱਜ ਤਰਲੋਚਨ ਨੂੰ ਹੈਰਾਨੀ ਘੱਟ ਪਰੇਸ਼ਾਨੀ ਜ਼ਿਆਦਾ ਹੋ ਰਹੀ ਸੀ। ਉਸ ਦਾ ਧਿਆਨ ਉਸ ਵੇਲੇ ਟੁੱਟ ਗਿਆ ਜਦੋਂ ਇਕਦਮ ਲਾਈਟਾਂ ਵਾਲਾ ਚੌਂਕ ਆਇਆ ਤਾਂ ਯੱਕਾਯਕ ਇਕ ਪ੍ਰਵਾਸੀ ਮਜ਼ਦੂਰ ਆਪਣਾ ਰਿਕਸ਼ਾ ਲੈ ਕੇ ਅੱਗਿਓਂ ਲੰਘਿਆ ਤੇ ਗਾਲ ਕੱਢਦਾ ਨਿਕਲ ਜਾਂਦਾ ਹੈ। ਤਰਲੋਚਨ ਗੁੱਸੇ ਵਿੱਚ ਅਜੇ ਕੁਝ ਬੋਲਦਾ ਵੀਨਾ ਨੇ ਬੋਲਿਆ “ਜੀ ਛੱਡੋ ਜਾਣ ਦਿਓ ਐਵੇਂ ਨਾ ਮੂੰਹ ਲੱਗੋ ਉਹਦੀ ਪੀਤੀ ਹੋਣੀ” ਤਰਲੋਚਨ ਆਖਦਾ ਹੈ “ਮੇਰਾ ਵੱਸ ਚੱਲੇ ਤੇ ਮੈਂ ਇਹ ਭਈਏ ਪੰਜਾਬ ਤੋਂ ਬਾਹਰ ਕੱਢ ਕੇ ਆਵਾਂ ਗੰਦ ਪਾਇਆ ਇਹਨਾਂ ਨੇ ਇਥੇ” ਪਿੱਛੇ ਬੈਠਾ ਸਤਲੁਜ ਸਿੰਘ ਮੱਧਮ ਆਵਾਜ਼ ਵਿੱਚ ਕਹਿੰਦਾ ਹੈ “ਜੀ ਇਹਨਾਂ ਨੂੰ ਕੱਢ ਦਿੱਤਾ ਤੇ ਇਥੇ ਕੰਮ ਕੌਣ ਕਰੂਗਾ” ਦੋਵੇਂ ਮੀਆਂ ਬੀਵੀ ਉਸਦੀ ਗੱਲ ਨੂੰ ਸੁਣ ਕੇ ਸ਼ਾਂਤ ਹੋ ਜਾਂਦੇ ਹਨ। ਕੋਈ 15 ਮਿੰਟ ਦੇ ਰਸਤੇ ਤੋਂ ਬਾਅਦ ਘਰ ਪਹੁੰਚਣ ਵਾਲੇ ਹੁੰਦੇ ਹਨ ਤੇ ਵੀਨਾ ਗੱਲ ਦੀ ਖਾਮੋਸ਼ੀ ਨੂੰ ਤੋੜਦੀ ਹੋਈ ਬੋਲਦੀ ਹੈ, “ਸਰਦਾਰ ਜੀ ਹਰ ਕੋਈ ਇਨਸਾਨ ਪ੍ਰਮਾਤਮਾਂ ਕੋਲੋਂ ਕੁਝ ਨਾ ਕੁਝ ਮੰਗਦਾ ਹੀ ਹੈ, ਅਸੀਂ ਵੀ ਬੇਟੀ ਵਾਸਤੇ ਵੀਜ਼ਾ ਮੰਗ ਕੇ ਆਏ ਹਾਂ ਵੀ ਸਾਡੀ ਬੱਚੀ ਦਾ ਕੱਲ ਆਸਟਰੇਲੀਆ ਦਾ ਵੀਜ਼ਾ ਲੱਗ ਜਾਵੇ, ਵੈਸੇ ਵਾਹਿਗੁਰੂ ਜੀ ਨੇ ਸਾਡੀ ਬਹੁੱਤ ਸੁਣੀ ਹੈ ਪਹਿਲਾਂ ਬੇਟੇ ਨੂੰ ਕਨੈਡਾ ਭੇਜਿਆ ਤੇ ਹੁਣ ਬੇਟੀ ਨੂੰ ਆਸਟਰੇਲੀਆ ਭੇਜਣਾ ਹੈ।” ਸਤਲੁਜ ਸਿੰਘ ਪਿੱਛੇ ਬੈਠਾ ਸਹਿਜ ਸੁਭਾਅ ਨਾਲ ਬੋਲਦਾ ਹੈ “ਬੇਟਾ ਦਰੁੱਸਤ ਹੈ।” ਫਿਰ ਠੰਡਾ ਹਾਉਕੇ ਨਾਲ ਕੁਝ ਰੁੱਕ ਕੇ ਆਪਣੇ ਆਪ ਵਿੱਚ ਆਖਦਾ ਹੈ ਮੈਂ ਤਾਂ ਸਿਰਫ ਉਹਦੇ ਕੋਲੋਂ ਮੌਤ ਮੰਗਣ ਜਾਂਦਾ ਮੈਨੂੰ ਤਾਂ ਉਹ ਵੀ ਨਹੀਂ ਮਿਲਦੀ। ਦੋਵੇਂ ਪਤੀ ਪਤਨੀ ਸਤਲੁਜ ਸਿੰਘ ਦੀ ਇਹ ਗੱਲ ਸੁਣ ਕੇ ਦੰਗ ਰਹਿ ਜਾਂਦੇ ਹਨ। ਹਜੇ ਕੋਈ ਨਵਾਂ ਸਵਾਲ ਪੈਦਾ ਹੁੰਦਾ ਤਦ ਤੱਕ ਘਰ ਪਹੁੰਚ ਗਏ।
ਸਤਲੁਜ ਸਿੰਘ ਗੱਡੀ ਵਿੱਚੋਂ ਲੰਬੇ ਸਾਹ ਭਰਦਾ ਹੋਇਆ ਅੰਦਰ ਦਾਖਲ ਹੁੰਦਾ ਹੈ। ਦੋਵਾਂ ਨੇ ਸੋਚਿਆ ਕਿਉਂ ਨਾ ਉਸ ਦੀ ਘਰਵਾਲੀ ਨੂੰ ਵੀ ਮਿਲ ਕੇ ਜਾਈਏ ਤੇ ਪੁੱਛਿਆਂ ਜਾਵੇ ਅੰਕਲ ਜੀ ਕਿਉਂ ਪਰੇਸ਼ਾਨ ਹਨ ਵੀਨਾ ਨੇ ਪੁੱਛਿਆ ਸਰਦਾਰ ਜੀ ਆਂਟੀ ਜੀ ਇਥੇ ਹਨ ਕੇ ਬਾਹਰ ਬੱਚਿਆਂ ਦੇ ਕੋਲ ਸਤਲੁਜ ਸਿੰਘ ਨੇ ਹੌਲੀ ਪਿਛੇ ਅੰਦਾਜ਼ ਵਿੱਚ ਕਿਹਾ “ਉਹਦੀ ਤਾਂ ਨਾਂ ਹੀ ਪੁੱਛ ਉਹ ਤਾਂ ਮੋਹ ਦੀ ਬੱਝੀ ਆ ਪੁੱਤਰ ਜੀ ਇਥੇ ਕੀ ਤੇ ਉਥੇ ਕੀ” ।ਸਤਲੁਜ ਸਿੰਘ ਨੇ ਸੋਚਿਆ ਸ਼ਾਇਦ ਮੈਂ ਕੁਝ ਜ਼ਿਆਦਾ ਹੀ ਬੇਰੁਖੀ ਕਰ ਰਿਹਾ ਹਾਂ ਵੇਚਾਰੀਆ ਨਾਲ ਅਤੇ ਜੇਕਰ ਮੈਂ ਉਹਨਾ ਨੂੰ ਅੰਦਰ ਆਉਣ ਦਾ ਨਾਂ ਪੁੱਛਿਆ ਤਾਂ ਉਨ੍ਹਾਂ ਨੂੰ ਹੱਤਕ ਮਹਿਸੂਸ ਹੋਵੇਗੀ। ਉਸ ਨੇ ਹੱਥ ਦੇ ਇਸ਼ਾਰੇ ਨਾਲ ਕਿਹਾ ਆ ਜਾਊ ਅੰਦਰ ਪਾਣੀ ਧਾਣੀ ਪੀ ਕੇ ਜਾਣਾ।
ਸਤਲੁਜ ਸਿੰਘ ਦਰਵਾਜ਼ੇ ਦੀ ਘੰਟੀ ਖੜਕਾਈ ਤੇ ਇੱਕ 18-19 ਸਾਲਾਂ ਦੀ ਉਮਰ ਦੀ ਪ੍ਰਵਾਸੀ ਲੜਕੀ ਰਾਧਾ ਨੇ ਦਰਵਾਜ਼ਾ ਖੋਲ੍ਹਿਆ। ਸਤਲੁਜ ਸਿੰਘ ਨੇ ਉਸ ਨੂੰ ਚਾਹ ਪਾਣੀ ਦਾ ਇੰਤਜ਼ਾਮ ਕਰਨ ਨੂੰ ਕਿਹਾ ਅੰਦਰ ਦੇ ਦ੍ਰਿਸ਼ ਨੇ ਦੋਵਾਂ ਜੀਆਂ ਨੂੰ ਬਹੁਤ ਆਕਰਸ਼ਿਤ ਕੀਤਾ ਇੱਕ ਆਦਮ ਕੱਦ ਤਸਵੀਰ ਸਤਲੁਜ ਸਿੰਘ ਅਤੇ ਉਸ ਦੀ ਘਰਵਾਲੀ ਦੀ ਬਹੁਤ ਖੂਬਸੂਰਤ ਲੱਗੀ ਸੀ ਅਤੇ ਦੋ ਤਿੰਨ ਗਰੁੱਪ ਫੋਟੋ ਉਨਾਂ ਦੇ ਪਰਿਵਾਰ ਦੋਵਾਂ ਨੋਹਾਂ ਪੁੱਤਰਾਂ ਪੋਤਰੇ ਪੋਤਰੀਆਂ ਦੀਆਂ। ਇਹ ਪਰਿਵਾਰ ਇਵੇਂ ਲਗਦਾ ਸੀ ਜਿਵੇਂ ਕੋਈ ਚੰਗਾ ਸ਼ਾਹੀ ਘਰਾਣਿਆਂ ਦੇ ਵੰਸ਼ਜ ਹੋਣ। ਇਹ ਸ਼ਾਇਦ ਕਿਸੇ ਵਿਆਹ ਦੀਆਂ ਹੋਣਗੀਆਂ।
ਤਰਲੋਚਨ ਸਿੰਘ ਕਹਿੰਦਾ ਹੈ ਇੰਜੀਨੀਅਰ ਸਾਹਿਬ ਮੈਂ ਵੀ ਮਕਾਨ ਦਾ ਕੰਮ ਕਰਵਾ ਰਿਹਾ ਹਾਂ ਮੈਂ ਤੁਹਾਡੇ ਇਥੇ ਦਰਵਾਜ਼ੇ ਵੇਖੇ ਸਨ ਦੀਵਾਰ ਦੀ ਲੱਕੜੀ ਬਹੁਤ ਖੂਬਸੂਰਤ ਮੀਨਾਕਾਰੀ ਦੇ ਸਨ ਕਿ ਮੈਂ ਦੁਬਾਰਾ ਵੇਖ ਸਕਦਾ ਹਾਂ। “। ਸਤਲੁਜ ਸਿੰਘ ਨੇ ਠਰੰਮੇ ਨਾਲ ਕਿਹਾ ਬੇਟਾ ਜੀ ਪਾਣੀ ਪੀ ਲਓ, ਪੀਣ ਤੋਂ ਬਾਅਦ ਸਤਲੁਜ ਸਿੰਘ ਉਹਨਾਂ ਦੋਵਾਂ ਨੂੰ ਵਾਰੀ ਵਾਰੀ ਘਰ ਦੇ ਅੰਦਰ ਘੁਮਾਉਣ ਲੱਗ ਪਿਆ ਉਸ ਨੇ ਉਹਨਾਂ ਨੂੰ ਆਪਣੇ ਉੱਪਰ ਵਾਲੇ ਸ਼ਾਨਦਾਰ ਕਮਰੇ ਵਿਖਾਏ ਦਸੀਆਂ ਕਿ ਇਹ ਵੱਡੇ ਕਾਕੇ ਵਿੱਕੀ ਦਾ ਉਹ ਅੱਜਕੱਲ੍ਹ ਅਮਰੀਕਾ ਵਿੱਚ ਹੈ ਉਸ ਦਾ ਸਾਰਾ ਪਰਿਵਾਰ ਉਥੇ ਹੀ ਹੈ। ਇਹ ਦੂਜਾ ਕਮਰਾ ਰੌਕੀ ਛੋਟੇ ਦਾ ਹੈ ਇਹ ਕਨੈਡਾ ਵਿੱਚ ਹੈ ਇਸ ਦਾ ਪਰਿਵਾਰ ਵੀ ਉੱਥੇ ਹੀ ਹੈ। ਸਭ ਕਮਰੀਆ ਵਿੱਚ ਸਲਾਬ ਦੀ ਸੋਧੀ ਸੋਧੀ ਸੁਗੰਧ ਆਉਂਦੀ ਸੀ ਸ਼ਾਇਦ ਇਹਨਾਂ ਨੂੰ ਖੁੱਲ੍ਹੇ ਨੂੰ ਕਈ ਦਿਨ ਹੋ ਗਏ ਹੋਣ। ਅੰਦਰ ਲੱਗੀਆਂ ਬੱਚਿਆਂ ਦੀਆਂ ਪੁਰਾਣੀਆਂ ਫੋਟੋਆਂ ਨੂੰ ਫੰਗਸ ਲੱਗਣ ਲੱਗ ਪਈ ਸੀ। ਪਰ ਕਮਰੇ ਸਾਫ਼ ਤਾਂ ਸਨ ਪਰ ਉਹਨੇ ਨਹੀਂ। ਇਸ ਤੋਂ ਇਲਾਵਾ ਸਤਲੁਜ ਸਿੰਘ ਉਹਨਾਂ ਨੂੰ ਹੋਰ ਬੰਦ ਕਮਰੇ ਵੀ ਖੋਲ੍ਹ ਕੇ ਵਿਖਾਉਂਦਾ ਹੈ ਅੱਜ ਕਾਫ਼ੀ ਦਿਨਾਂ ਬਾਅਦ ਉਹ ਉਪਰ ਵਾਲੀ ਮੰਜ਼ਿਲ ਤੇ ਹਿੰਮਤ ਕਰਕੇ ਆਈਆਂ ਸੀ। ਉਸ ਨੇ ਅੱਜ ਕਈ ਦਿਨਾਂ ਬਾਅਦ ਉਪਰ ਵਾਲੀਆਂ ਲਾਈਟਾਂ ਜਗਾਈਆਂ ਸਨ।
ਥੱਲੋ ਰਾਧਾ ਆਵਾਜ਼ ਦਿੰਦੀ ਹੈ “ਭਾਪਾ ਜੀ ਚਾਹ ਬਣ ਗਈ ਹੈ” ਉਹ ਹੌਲੀ ਹੌਲੀ ਤਰਲੋਚਨ ਤੇ ਵੀਨਾ ਨੂੰ ਬੋਲੋ ਲੈ ਆਉਂਦਾ ਹੈ ਤਿੰਨੇ ਜਾਣੇ ਚਾਹ ਪੀਂਦੇ ਹਨ ਪਰ ਹਜੇ ਵੀ ਵੀਨਾ ਤੇ ਤਰਲੋਚਨ ਦੇ ਮਨ ਵਿੱਚੋਂ ਸਤਲੁਜ ਸਿੰਘ ਦੇ ਉਦਾਸ ਵਤੀਰੇ ਦੀ ਕੁੰਡੀ ਨਾ ਨਿਕਲੀ। ਚਾਹ ਪਾਣੀ ਪੀਣ ਤੋਂ ਬਾਅਦ ਤਰਲੋਚਨ ਨੇ ਪੁੱਛਿਆ ਕਿ “ਆਂਟੀ ਜੀ ਨੇ ਬੱਚਿਆਂ ਤੋਂ ਵਾਪਸ ਕਦੋਂ ਆਉਣਾ ਹੈ ਅਸੀਂ ਫੇਰ ਆਵਾਂਗੇ ਨਾਲ ਪਾਠ ਦਾ ਸੱਦਾ ਦੇ ਕੇ ਜਾਵਾਂਗੇ ਬੇਟੀ ਦੇ ਬਾਹਰ ਜਾਣ ਦੀ ਖੁਸ਼ੀ ਵਿੱਚ ਕਰਾਉਣਾ ਹੈ।
ਸਤਲੁਜ ਸਿੰਘ ਬੜੇ ਧੀਰਜ ਨਾਲ ਚਾਹ ਦੇ ਘੁੱਟ ਨੂੰ ਪੀ ਕੇ ਆਖਦਾ ਹੈ ਕਿ “ਬੇਟਾ ਜੀ ਕੋਈ ਨਹੀਂ ਆ ਜਾਣਾ, ਅਚਾਨਕ ਨਾਲ ਦੇ ਕਮਰੇ ਵਿੱਚ ਪਲੇਟ ਦੇ ਜ਼ੋਰ ਨਾਲ ਥੱਲੇ ਡਿੱਗਣ ਦੀ ਆਵਾਜ਼ ਨਾਲ ਉਹਨਾਂ ਦੀ ਗੱਲਬਾਤ ਵਿੱਚ ਖਲਲ ਪੈਦਾ ਹੋ ਗਿਆ। ਰਾਧਾ ਭੱਜ ਕੇ ਉਸ ਕਮਰੇ ਵੱਲ ਗਈ ਸਤਲੁਜ ਸਿੰਘ ਵੀ ਸੋਟੀ ਚੁੱਕੀ ਉੱਧਰ ਤੁਰ ਪਿਆ ਵੀਨਾ ਤੇ ਤਰਲੋਚਨ ਸਿੰਘ ਵੀ ਉਸ ਕਮਰੇ ਵੱਲ ਤੁਰ ਪਏ ਉੱਥੇ ਦਾ ਦ੍ਰਿਸ਼ ਵੇਖ ਕੇ ਉਹ ਦਹਲ ਗਏ।
ਉੱਥੇ ਇੱਕ ਬੈੱਡ ‘ਤੇ ਇੱਕ ਵਿਰੁੱਧ ਔਰਤ ਪਾਸਾ ਵੱਟ ਕੇ ਲੇਟੀ ਹੋਈ ਸੀ ਉਹ ਕੰਬ ਰਹੀ ਸੀ, ਰਾਧਾ ਨੇ ਉਸ ਦੇ ਕਮਰੇ ਦਾ ਏ ਸੀ ਬੰਦ ਕਰ ਦਿੱਤਾ ਤੇ ਉਸ ਨੂੰ ਸਹੀ ਢੰਗ ਨਾਲ ਲੇਟਾ ਦਿੱਤਾ। ਉਸ ਦੇ ਪਿਸ਼ਾਬ ਦੀ ਪਾਈਪ ਲੱਗੀ ਹੋਈ ਸੀ ਅਤੇ ਉਸ ਦੀ ਸਿਹਤ ਬਹੁਤ ਕਮਜ਼ੋਰ ਹੋਈ ਸੀ। ਸਤਲੁਜ ਸਿੰਘ ਆਵਾਜ਼ ਦੇ ਕੇ ਆਖਦਾ ਹੈ “ਕਰਤਾਰ ਕੌਰੇ ਵੇਖ ਕੌਣ ਆਇਆਂ ਤਾਂ ਉਹ ਆਪਣੀ ਲੜਖੜਾਉਂਦੀ ਜ਼ੁਬਾਨ ਨਾਲ ਕੁਝ ਬੋਲਦੀ ਹੈ ਤਾਂ ਸਤਲੁਜ ਸਿੰਘ ਆਖਦਾ ਵਿੱਕੀ- ਰੌਂਕੀ ਨਹੀਂ ਆ ਵੇਖ ਤਰਲੋਚਨ ਤੇ ਵੀਨਾ ਆਏ ਨੇ, ਪਹਿਚਾਣਿਆ ਕੇ ਨਹੀਂ; ਵੀਨਾ ਤੇ ਤਰਲੋਚਨ ਨੇ ਉਸ ਨੂੰ ਦੇਖਿਆਂ ਤੇ ਸਤ ਸ੍ਰੀ ਆਕਾਲ ਬੁਲਾਈ ਪਰ ਕਰਤਾਰ ਕੌਰ ਨੇ ਕੋਈ ਹੁੰਗਾਰਾ ਨਾ ਭਰਿਆ ਕੁਝ ਦੇਰ ਖੜ੍ਹੇ ਹੋਣ ਤੋਂ ਬਾਅਦ ਬਾਹਰ ਆ ਕੇ ਬੈਠ ਗਏ ਬਾਹਰ ਵੱਡੇ ਹਾਲ ਵਿੱਚ ਲੱਗੀ ਸਤਲੁਜ ਸਿੰਘ ਦੀ ਅਤੇ ਕਰਤਾਰ ਕੌਰ ਦੀ 15 ਸਾਲ ਪੁਰਾਣੀ ਫੋਟੋ ਦੇਖੀ ਤਾਂ ਦੋਹਾਂ ਦੀਆਂ ਸ਼ਕਲਾਂ ਤੇ ਰੋਅਬ ਤੇ ਰੌਣਕ ਸੀ। ਫੋਟੋਆਂ ਦੇ ਵਿੱਚ ਸਾਫ ਦਿਖਦਾ ਹੈ ਕਿ ਕਰਤਾਰ ਕੌਰ ਦੀ ਸਤਲੁਜ ਸਿੰਘ ਦੀ ਰਿਟਾਇਰਮੈਂਟ ਦੇ ਸਮੇਂ ਕੀ ਟੌਰ ਸੀ ਉਸ ਦੇ ਉਸ ਸਮੇਂ ਕਿੰਨਾ ਸੋਨਾ ਪਾਇਆ ਸੀ ਚਿਹਰੇ ਤੇ ਰੌਨਕ ਜਲਾਲੀ ਸੀ ਸੋਨਾ ਗਹਿਣਾ, ਪੈਸੇ ਕਿਸੇ ਚੀਜ਼ ਦੀ ਕਮੀ ਨਹੀਂ ਸੀ ਅੱਜ ਉਹੀ ਕਰਤਾਰ ਕੌਰ ਜ਼ਿੰਦਗੀ ਦੇ ਮੌਤ ਦੇ ਵਿੱਚ ਜੂਝ ਰਹੀ ਹੈ। ਵੀਨਾ ਨੇ ਪੁੱਛਿਆ ਸਰਦਾਰ ਸਾਹਿਬ ਆਂਟੀ ਜੀ ਦੀ ਇਹ ਹਾਲਤ ਕਿਵੇਂ ਹੋ ਗਈ।
ਸਤਲੁਜ ਸਿੰਘ ਨੇ ਗੱਲ ਸ਼ੁਰੂ ਕਰ ਦਿੱਤੀ ਕਿ ਉਸਨੇ ਦੱਸਿਆ ਕਿ ਇਸ ਦੇ ਵੱਡੇ ਪੁੱਤਰ ਦੇ ਅਮਰੀਕਾ ਦੇ ਵਿੱਚ ਦੋ ਪੈਟਰੋਲ ਪੰਪ ਹਨ ਅਤੇ ਛੋਟੇ ਦੇ ਕੈਨੇਡਾ ਵਿਚ ਟਰਾਲੇ ਹਨ ਉਹਨਾਂ ਦੋਵਾਂ ਭਰਾਵਾਂ ਦਾ ਚੰਗਾ ਕੰਮ ਕਾਰ ਹੈ ਇਹ ਹਰ ਸਾਲ ਕਦੇ ਛੋਟੇ ਮੁੰਡੇ ਕੋਲ ਕਦੇ ਵੱਡੇ ਕੋਲ ਕਈ ਕਈ ਵਾਰ ਜਾਂ ਕੇ ਦੋ-ਦੋ ਮਹੀਨੇ ਕੱਟ ਆਉਂਦੀ ਸੀ। ਬੱਚਿਆਂ ਦੇ ਜਨੇਪੇ ਤੋਂ ਲੈ ਕੇ ਉਹਨਾਂ ਦੇ ਕੰਮ ਵਿੱਚ ਇਸ ਨੇ ਆਪਣੀ ਸਿਹਤ ਦਾ ਵੀ ਖਿਆਲ ਨਹੀਂ ਰੱਖਿਆ। ਇਹ ਕੈਨੇਡਾ ਵਿਚ ਸੀ ਮੈਂ ਇੰਡੀਆ ਤੋਂ ਕਦੇ ਕਦੇ ਹੀ ਉੱਥੇ ਜਾਂਦਾ ਸੀ ਮੈਨੂੰ ਇੱਕ ਦਿਨ ਰੌਂਕੀ ਦਾ ਫੋਨ ਆਉਂਦਾ ਹੈ ਤੇ ਮੈਨੂੰ ਆਖਦਾ ਹੈ ਕਿ “ਮਾਂ ਦੇ ਗਿੱਟੇ ਵਿੱਚ ਫਰੈਕਚਰ ਹੋ ਗਿਆ ਹੈ ਉਹ ਸ਼ਾਮ ਕੁੱਤੇ ਨੂੰ ਬਾਹਰ ਲੈ ਕੇ ਨਿਕਲੀ ਸੀ ਪਰ ਸਾਡਾ ਕੁੱਤਾ ਤੱਕੜਾ ਹੈ ਕਿਸੇ ਦੂਸਰੇ ਕੁੱਤੇ ਪਿੱਛੇ ਦੌੜਿਆ ਤਾਂ ਉਹ ਇਸ ਨੂੰ ਕਾਫ਼ੀ ਦੂਰ ਤੱਕ ਨਾਲ ਹੀ ਖਿੱਚ ਕੇ ਲੈ ਗਿਆ। ਮੈਂ ਮੋਮ ਨੂੰ ਹੌਸਪਿਟਲ ਲੈ ਕੇ ਆਇਆਂ ਹਾਂ ਉਸ ਦੀ ਡਰੈਸਿੰਗ ਹੋ ਰਹੀ ਹੈ, । ਮੈਂ ਗੁੱਸੇ ਵਿੱਚ ਆ ਗਿਆ ਤੇ ਬਹੁਤ ਬੋਲੀਆਂ ਤੇ ਕੁੱਤੇ ਨੂੰ ਘਰੋਂ ਕੱਢਣ ਦਾ ਕਿਹਾ।
ਇੱਕ ਮਹੀਨੇ ਬਾਅਦ ਕੁਝ ਠੀਕ ਹੋ ਕੇ ਇਹ ਵਾਪਸ ਇੰਡੀਆ ਆ ਗਈ। ਹੁਣ ਹਜੇ ਵੀ ਹੌਲੀ ਹੌਲੀ ਸੋਟੀ ਨਾਲ ਚੱਲਦੀ ਸੀ। ਪਰ ਇਸ ਦੀ ਸੁਤਾ ਆਪਣੇ ਪੁੱਤਰਾਂ ਪੋਤਰੇ ਪੋਤਰੀਆਂ ਵੱਲ ਹੀ ਰਹੀ ਇਸ ਨੇ ਮੈਨੂੰ ਕਈ ਵਾਰ ਆਖਿਆ ਕਿ ਮੈਂ ਦੁਬਾਰਾ ਵਾਪਸ ਜਾਣਾ ਪਰ ਮੈਂ ਦੱਬਕਾ ਮਾਰ ਕੇ ਇਸ ਨੂੰ ਬੋਲਣਾ” ਤੈਨੂੰ ਉਨ੍ਹਾਂ ਨੇ ਮਹੀਨਾ ਵੀ ਨਾਂ ਰੱਖਿਆ ਵਾਪਸ ਬੀਮਾਰ ਨੂੰ ਹੀ ਤੋਰ ਦਿੱਤਾ ਬੈਠ ਜਾ ਟਿੱਕ ਕੇ ਠੀਕ ਹੋ ਜਾ” ਪਰ ਮਾਂ ਦਾ ਦਿਲ, ਮੋਹ ਤਾਂ ਮੋਹ ਹੀ ਹੈ। ਗੰਧਾਰੀ ਨੇ ਵੀ ਤਾਂ ਆਪਣੇ ਪੁੱਤਰ ਦੂਰਯੋਧਨ ਦੇ ਮੋਹ ਵਿਚ ਆਪਣੀ ਸਾਰੀ ਜ਼ਿੰਦਗੀ ਦੀ ਭਗਤੀ ਰੋੜ ਦਿੱਤੀ ਸੀ ਫਿਰ ਇਹ ਤਾਂ ਵਿਚਾਰੀ ਚੀਜ਼ ਹੀ ਕੀ ਹੈ ਇਸ ਨੇ ਹੌਲੀ ਹੌਲੀ ਸੁੱਟੀ ਫੜਨੀ ਤੇ ਉਪਰ ਉਹਨਾਂ ਦੇ ਬੰਦ ਕਮਰੀਆ ਵਿੱਚ ਦਿਨ ਵਿੱਚ ਦੋ ਤਿੰਨ ਵਾਰ ਸਫ਼ਾਈ ਦੇ ਬਹਾਨੇ ਚਲੀ ਜਾਣਾ ਤੇ ਕਈ ਕਈ ਘੰਟੇ ਉਥੇ ਬੈਠੇ ਰਹਿਣਾ। ਮੈਂ ਇੱਕ ਦਿਨ ਬਾਹਰੋਂ ਆਇਆ ਤਾਂ ਮੈਂ ਇਸ ਨੂੰ ਵੇਖਦਾ ਉਪਰ ਚਲਾ ਗਿਆ ਇਹ ਰੌਕੀ ਦੇ ਕਮਰੇ ਵਿੱਚ ਸੀ ਤੇ ਉਸ ਦੇ ਕਪੜਿਆਂ ਨੂੰ ਤਹਿ ਲਾ ਰਹੀ ਸੀ ਮੈਂ ਕੋਲ ਬੈਠ ਗਿਆ ਤੇ ਆਖਿਆ” ਕਰਤਾਰ ਕੌਰੇ ਤੂੰ ਇਹ ਕੀ ਕਰਦੀ ਪਈ ਏਂ ਰੋਜ਼ ਇਥੇ ਹੀ ਬੈਠੀ ਰਹਿੰਦੀ ਏ, ਤੇ ਮੈਨੂੰ ਅੱਖਾਂ ਭਰ ਕੇ ਆਖਦੀ ਏ “ਸਰਦਾਰ ਜੀ ਇਹਨਾਂ ਕਮਰੀਆ ਵਿੱਚ ਇਹਨਾਂ ਕਪੜਿਆਂ ਵਿੱਚ ਮੇਰੇ ਬੱਚਿਆਂ ਦੀ ਖੁਸ਼ਬੂ ਏ ਉਹਨਾਂ ਦੀਆਂ ਯਾਦਾਂ ਹਨ ਉਨ੍ਹਾਂ ਦੀਆਂ ਉਂਗਲਾਂ ਇਨ੍ਹਾਂ ਸਵਿੱਚ ਬੋਰਡ ਤੇ ਕਈ ਵਾਰ ਲਗਿਆ ਹੋਣੀਆਂ ਉਹਨਾਂ ਦੇ ਸਰਹਾਣੇ ਵੇਖੋ ਜਿਵੇਂ ਅੱਜ ਵੀ ਉਨ੍ਹਾਂ ਦੀ ਉਡੀਕ ਵਿੱਚ ਬੈਠੇ ਹਨ ਤੁਸੀਂ ਸੁੰਘੋ ਤਾਂ ਸਹੀ ਇਹਨਾਂ ਨੂੰ ਵੇਖੋ ਵਿੱਕੀ ਤੇ ਰੌਕੀ ਦੀ ਖੁਸ਼ਬੂ ਆਵੇਗੀ ਇਹਨਾਂ ਵਿੱਚੋਂ ਉਹਨਾਂ ਦੇ ਸਕੂਲ ਕਾਲਜ ਦੀਆਂ ਕਿਤਾਬਾਂ ਖੇਡਨ ਦਾ ਸਮਾਨ ਸਭ ਤਾਂ ਇੰਵੇ ਹੀ ਪਿਆ ਹੈ ਜਿਵੇਂ ਹੁਣੇ ਉਹਨਾਂ ਆ ਕੇ ਦੁਬਾਰਾ ਚੁੱਕ ਕੇ ਤੁਰ ਪੈਣਾ, ਇਸੇ ਲਈ ਮੈਂ ਕੰਮਵਾਲੀ ਨੂੰ ਇਹਨਾਂ ਦੋਵਾਂ ਕਮਰੀਆ ਵਿੱਚ ਕਿਸੇ ਵੀ ਚੀਜ਼ ਨੂੰ ਹੱਥ ਨਹੀਂ ਲਾਉਣ ਦਿੰਦੀ” ਇਨ੍ਹਾਂ ਆਖ ਕੇ ਉਹ ਮੇਰੇ ਮੋਢੇ ਤੇ ਸਿਰ ਰੱਖ ਕੇ ਰੋਣ ਲੱਗ ਪਈ ਮੈਂ ਵੀ ਉਸ ਨੂੰ ਥਾਪੜਾ ਦੇ ਕੇ ਆਖਿਆ” ਬਲੀਏ ਲੋਕੋ ਉਹ ਵੀ ਮਜ਼ਬੂਰੀ ਕਾਰਨ ਗਏ ਆ ਐਵੇਂ ਨਾ ਕਰ ਚਲ ਤਿਆਰੀ ਕਰ ਚੱਲਦੇ ਆ ਦੋਵੇਂ ਗੇੜਾ ਕੱਢ ਆਉਂਦੇ ਆ ਮੈਂ ਟਿਕਟਾਂ ਦੀ ਬੁਕਿੰਗ ਕਰਵਾ ਕੇ ਆਉਣਾ ਸ਼ਾਮ ਨੂੰ, ਕਰਤਾਰ ਕੌਰ ਖੁਸ਼ੀ ਵਿੱਚ ਖੀਵਾ ਹੋ ਗਈ ਤੇ ਆਖਦੀ ਏ ਵਿੱਕੀ ਤੇ ਰੌਂਕੀ ਦੋਵਾਂ ਕੋਲ ਜਾਵਾਂਗੇ, ਮੈਂ ਹੱਸ ਕੇ ਅੱਛਾ ਆਖ ਦਿੱਤਾ।
ਅਗਲੇ ਦਿਨ ਸਵੇਰੇ ਸਾਡੀਆਂ ਟਿਕਟਾਂ ਬੁੱਕ ਹੋ ਗਈਆਂ ਸਾਡੀ ਫਲਾਈਟ ਤਿੰਨ ਦਿਨਾਂ ਬਾਅਦ ਦੀ ਸੀ। ਮੈਂ ਆਪਣੇ ਭਤੀਜੇ ਨੂੰ ਆਖ ਦਿੱਤਾ ਕਾਕਾ ਦੋ ਮਹੀਨੇ ਬਾਅਦ ਅਸੀਂ ਆਉਣਾ ਹੈ ਤੂੰ ਪਿਛੇ ਖ਼ਿਆਲ ਰੱਖੀਂ। ਜਿਸ ਦਿਨ ਸਾਡੀ ਫਲਾਈਟ ਸੀ ਉਸ ਸਵੇਰੇ ਇਹ ਉੱਪਰ ਵਾਲੇ ਕਮਰਿਆਂ ਨੂੰ ਤਾਲੇ ਲਗਾਉਣ ਖੁਦ ਗਈ ਤੇ ਮੈਂ ਇਸ ਨੂੰ ਵੇਖ ਕੇ ਖੁਸ਼ ਹੋ ਰਿਹਾ ਹਾਂ ਅੱਜ ਇਸ ਦੇ ਹੱਥ ਵਿੱਚ ਸੋਟੀ ਵੀ ਨਹੀਂ ਸੀ ਸ਼ਾਇਦ ਮੇਰੀ ਹੀ ਨਜ਼ਰ ਲੱਗ ਗਈ ਇਹ ਕਾਹਲੀ ਕਾਹਲੀ ਪੌੜੀਆਂ ਉਤਰਦੀ ਗਿੱਲੇ ਪੋਚੇ ਤੋਂ ਫਿਸਲ ਕੇ ਡਿੱਗ ਪਈ ਚੂਲਾ ਟੁੱਟ ਗਿਆ ਪਸਲੀਆਂ ਵਿਸ ਗਈਆਂ। ਤਿੰਨ ਮਹੀਨੇ ਹਸਪਤਾਲ ਵਿੱਚ ਦਾਖਲ ਰਹੀ ਦਰਦ ਦੀਆਂ ਦਵਾਈਆਂ ਤੇਜ਼ ਹੋਣ ਕਾਰਨ ਮਾਨਸਿਕ ਤੌਰ ਤੇ ਬਿਮਾਰ ਹੋ ਗਈ ਸਾਲ ਪਹਿਲਾਂ ਪਤਾ ਲਗਾਂ ਕੇ ਟੀ ਬੀ ਦੀ ਸ਼ਿਕਾਇਤ ਵੀ ਹੈ ਇਸਨੂੰ। ਇਹਨਾਂ ਆਂਖ ਕੇ ਸਤਲੁਜ ਸਿੰਘ ਚੁੱਪ ਹੋ ਗਿਆ।
ਹਾਲ ਵਿੱਚ ਜਾਨਲੇਵਾ ਖਾਮੋਸ਼ੀ ਨੂੰ ਤੋੜਦਿਆਂ ਹੋਇਆਂ ਵੀਨਾ ਨੇ ਪੁੱਛਿਆ ਸਰਦਾਰ ਸਾਹਿਬ ਬੱਚਿਆਂ ਨੇ ਕਦੋਂ ਗੇੜਾ ਕੱਢਿਆਂ ਸੀ। ਬੇਟਾ ਜੀ ਆਉਂਦੇ ਹਨ ਜ਼ਰੂਰ ਆਉਂਦੇ ਹਨ ਪਰ ਜਦੋਂ ਉਹਨਾ ਦੇ ਆਪਣੇ ਕੰਮ ਹੋਣ ਵੱਡਾ ਮੁੰਡਾ ਤੇ ਨੂੰਹ ਆਪਣੀ ਸਾਲੀ ਦੇ ਵਿਆਹ ਤੇ ਆਏ ਸਨ ਇੱਕ ਹਫਤੇ ਲਈ ਆਏ ਮਾਂ ਕੋਲ ਇੱਕ ਘੰਟਾ ਵੀ ਨਾਂ ਬੈਠੇ। ਜਾਂਦੇ ਜਾਂਦੇ ਸਲਾਹ ਦੇ ਗਏ ਕੀ ਮਾਂ ਦਾ ਇਲਾਜ ਚੰਗੇ ਡਾਕਟਰ ਕੋਲੋਂ ਕਰਾਉ ਤੇ ਪੈਸੇ ਦੀ ਲੋੜ ਹੋਵੇ ਤਾਂ ਦੱਸਣਾ। ਛੋਟੇ ਨੂੰ ਇਮੀਗ੍ਰੇਸ਼ਨ ਦੇ ਕੰਮ ਕਰਕੇ ਆਪਣੇ ਬੱਚਿਆਂ ਨੂੰ ਲੈ ਕੇ ਆਉਣਾ ਪਿਆ ਉਹ ਦੋ ਹਫਤੇ ਦਾ ਆਂਖ ਕੇ ਆਇਆ ਸੀ।
ਮਾਂ ਨੂੰ ਕਹਿੰਦਾ ਸੀ ਮਾਂ ਤੂੰ ਚਿੰਤਾ ਨਾ ਕਰ ਮੈਂ ਆ ਕੇ ਚੰਗੇ ਡਾਕਟਰ ਕੋਲੋਂ ਵਿਖਾਉਣਾ ਉਹ ਵੀ ਬਸ ਇਕੋ ਦਿਨ ਸਾਡੇ ਨਾਲ ਗਿਆ ਤੇ ਜਾਣ ਲੱਗਾ ਪੈਸੇ ਤੇ ਫਰੂਟ ਦੇ ਗਿਆ, ਮੈਂ ਉਸ ਨੂੰ ਗੱਲਾਂ ਗੱਲਾਂ ਵਿੱਚ ਕੁੱਤੇ ਦਾ ਪੁੱਛਿਆ ਤਾਂ ਕਹਿੰਦਾ ਪਾਪਾ ਉਹ ਮੇਰੇ ਬੱਚਿਆਂ ਦਾ ਦੋਸਤ ਆ ਤੁਸੀਂ ਐਵੇਂ ਕਰੀ ਜਾਂਦੇਂ, ਮੈਂ ਉਸ ਦਿਨ ਤੋਂ ਆਪਣੇ ਆਪ ਨੂੰ ਚੁੱਪ ਕਰਾ ਦਿੱਤਾ ਮੈਂ ਰੋਜ਼ ਉਸ ਦੀ ਇਸ ਨਾਲ ਵੀਡੀਓ ਕਾਲ ਤੇ ਗੱਲ ਕਰਵਾਉਣ ਦੀ ਕੋਸ਼ਿਸ਼ ਕਰਦਾ ਪਹਿਲਾਂ ਤਾਂ ਇਹ ਹੁੰਗਾਰਾ ਭਰਦੀ ਸੀ ਪਰ ਜਦੋਂ ਤੋਂ ਉਹ ਸਿਰਫ ਐਤਵਾਰ ਕਾਲ ਕਰਕੇ ਹਾਲ ਪੁੱਛਣ ਲੱਗੇ ਇਹ ਵੀ ਹੁਣ ਹੁੰਗਾਰਾ ਭਰਦੀ ਨਹੀਂ।
ਸਤਲੁਜ ਸਿੰਘ ਨੇ ਤਰਲੋਚਨ ਸਿੰਘ ਦੇ ਗੋਡੇ ਤੇ ਹੱਥ ਰੱਖ ਕੇ ਕਿਹਾ, “ਤਰਲੋਚਨ ਸਿਆਂ ਬਹੁਤ ਦੁਖੀ ਆ ਮੈਂ ਕੀ ਦਸਾਂ ਪਹਿਲਾਂ ਭਰੇ ਘਰ ਕਰਕੇ ਕਿਤੇ ਬਾਹਰ ਨਹੀਂ ਸਾ ਜਾਂਦਾ ਕੇ ਨੌਕਰ ਲੁੱਟ ਲੈ ਜਾਣਗੇ। ਪਰ ਹੁਣ ਸੋਚਦਾ ਹਾਂ ਉਹਨਾਂ ਦੇ ਲੁੱਟਣ ਤੋਂ ਪਹਿਲਾਂ ਹੀ ਤਾਂ ਮੈਂ ਲੁੱਟ ਚੁੱਕਿਆ ਆ;”। ਹੁਣ ਦੋ ਮਹੀਨਿਆਂ ਤੋਂ ਰੋਜ਼ ਸ਼ਾਮ ਨੂੰ ਗੁਰਦੁਆਰਾ ਸਾਹਿਬ ਜਾਣਾ ਤੇ ਉਸ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕੀ ਇਹਦੇ ਤੇ ਮੇਰੇ ਤੋਂ ਪਹਿਲਾਂ ਪਰਦਾ ਪਾ ਦੇ ਮੇਰੇ ਕੋਲੋਂ ਇਹਦੀ ਹਾਲਤ ਨਹੀਂ ਵੇਖੀ ਜਾਂਦੀ ਕਿਉਂਕਿ ਮੈਨੂੰ ਪਤਾ ਮੇਰੇ ਜਾਣ ਤੋਂ ਬਾਅਦ ਕਿਸੇ ਨੇ ਇਸਨੂੰ ਨਹੀਂ ਵੇਖਣਾ, ਪੈਸੇ ਕੀ ਕਰਨਗੇ ਜਿਥੇ ਜੀ ਨਾਂ ਹੋਣ, ਕੰਮਵਾਲੀਆ ਮਾਵਾਂ ਧੀਆਂ ਨੇ ਸਵੇਰ ਰਾਤ ਵਾਰੋ ਵਾਰੀ ਟਾਈਮ ਕੱਢੀ ਜਾਂਦੀਆ ਨਰਸ ਆ ਉਹ ਦਿਨ ਵਿੱਚ ਦੋ ਵਾਰ ਗੇੜਾ ਮਾਰਦੀ ਆ। ਪਹਿਲਾਂ ਪਹਿਲਾਂ ਰਿਸ਼ਤੇਦਾਰਾਂ ਨੇ ਪੁੱਛਿਆ ਪਰ ਜਦ ਤੋਂ ਇਸ ਨੂੰ ਟੀ.ਬੀ. ਦੀ ਸ਼ਿਕਾਇਤ ਹੋਈ ਹੁਣ ਨਹੀਂ ਵੜਦਾ ਕੋਈ। ਇਹਨਾਂ ਆਂਖ ਕੇ ਸਤਲੁਜ ਸਿੰਘ ਨੇ ਆਪਣੀ ਐਨਕਾਂ ਉਤਾਰ ਕੇ ਆਪਣੀਆਂ ਅੱਖਾਂ ਬੰਦ ਕਰ ਕੇ ਸਿਰ ਪਿੱਛੇ ਨੂੰ ਕਰ ਲਿਆ ਉਸ ਦਾ ਗਲਾ ਸੁੱਕ ਗਿਆ ਤੇ ਅੱਖਾਂ ਵਿਚੋਂ ਪਾਣੀ ਨਿਕਲਣ ਲੱਗਾ।
ਤਰਲੋਚਨ ਸਿੰਘ ਨੇ ਆਖਿਆ ਕਿ ਸਰਦਾਰ ਸਾਹਿਬ ਤੁਸੀਂ ਸਾਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਆ ਸਭ ਕੁੱਝ। ਤਰਲੋਚਨ ਸਿਆਂ ਦਿਲ ਤਾਂ ਕਰਦਾ ਸੀ ਦਿਲ ਦੇ ਫੋੜਿਆ ਨੂੰ ਫੋਲਣ ਨੂੰ, ਪਰ ਤੁਸਾਂ ਦੇ ਖਿੜੇ ਫੁੱਲਾਂ ਵਰਗੇ ਚਿਹਰਿਆਂ ਤੇ ਬੱਚੀ ਦੇ ਵੀਜ਼ੇ ਦੀ ਖੁਸ਼ੀ ਵੇਖ ਕੇ ਸੋਚਿਆ ਤੁਸਾਂ ਦਾਂ ਮੂੰਹ ਦਾ ਸੁਆਦ ਖਾਰਾਂ ਹੋ ਜਾਣਾ, ਇਹਨਾਂ ਵਿਚਾਰਿਆਂ ਨੂੰ ਕਿਉਂ ਪਰੇਸ਼ਾਨ ਕਰਨਾ।
ਇਨ੍ਹਾਂ ਨੂੰ ਦਰਵਾਜ਼ੇ ਦੀ ਘੰਟੀ ਖੜਕੀ ਤੇ ਕੰਮਵਾਲੀ ਰਾਧਾ ਨੇ ਦਰਵਾਜ਼ਾ ਖੋਲ੍ਹਿਆ ਤਾਂ ਇੱਕ ਪ੍ਰਵਾਸੀ ਬੰਦਾ ਅੰਦਰ ਦਾਖਲ ਹੋ ਗਿਆ ਉਸ ਨੇ ਸਤਲੁਜ ਸਿੰਘ ਨੂੰ ਕਾਰ ਦੀ ਚਾਬੀ ਦੇ ਦਿੱਤੀ ਤੇ ਆਖੀਆਂ “ਸਰਦਾਰ ਜੀ ਬੈਟਰੀ ਨਵਾਂ ਪੈਣਾ ਇਸਦੀ ਕੱਲ ਪਵਾ ਲਵਾਂਗਾਂ ਹੁਣ ਲੈ ਆਇਆਂ ਮੈਂ ਗੱਡੀ ਨੂੰ ਸਵੇਰੇ ਮਿਲਦਾ ਹੈਗਾ ਤੁਹਾਨੂੰ” ਸਤਲੁਜ ਸਿੰਘ ਨੇ ਚਾਬੀਆਂ ਨੂੰ ਇੱਕ ਪਾਸੇ ਰੱਖ ਦਿੱਤਾ।
ਤਰਲੋਚਨ ਸਿੰਘ ਨੇ ਵੀਨਾ ਵੱਲ ਤੱਕਿਆ ਤੇ ਘੜੀ ਦਾ ਇਸ਼ਾਰਾ ਕੀਤਾ ਵੀਨਾ ਭਾਵੁਕ ਸੀ ਉਸ ਦਾ ਇਥੋਂ ਜਾਣ ਦਾ ਮਨ ਨਹੀਂ ਸੀ ਪਰ ਉਹਨਾਂ ਨੇ ਖੜ੍ਹੇ ਹੋ ਕੇ ਸਤਲੁਜ ਸਿੰਘ ਨੂੰ ਹੌਂਸਲਾ ਰੱਖਣ ਨੂੰ ਕਿਹਾ ਅਤੇ ਕਿਸੇ ਵੀ ਲੋੜ ਵੇਲੇ ਫੋਨ ਕਰਨ ਦਾ ਕਿਹਾ। ਵੀਨਾ ਜਾਂਦੇ ਜਾਂਦੇ ਉਹਨਾਂ ਬੰਦ ਕਮਰੀਆ ਵੱਲ ਵੇਖ ਰਹੀ ਸੀ ਜੋ ਆਪਣੀਆਂ ਦੀ ਉਡੀਕ ਵਿੱਚ ਇਹ ਆਂਖ ਰਹੇ ਸਨ ਕੀ ਇੱਕ ਰਾਤ ਫਿਰ ਮੇਰੇ ਪਾਸ ਲੌਟ ਕੇ ਆ ਜਾਣੇ ਵਾਲੇ ਗ਼ਾਫ਼ਿਲ ਮੁਸਾਫ਼ਿਰ, ਤੇਰੇ ਸਾਮਾਨ ਕੀ ਹਿਫ਼ਾਜ਼ਤ ਕਰਨਾ, ਅਬ ਮੇਰੇ ਬਸ ਕੀ ਬੀ ਬਾਤ ਨਾ ਰਹੀ, ਸਤਲੁਜ ਸਿੰਘ ਨੇ ਦੋਵਾਂ ਨੂੰ ਰੁਖਸਤ ਕੀਤਾ ਤੇ ਬਾਹਰ ਨਿਕਲ ਕੇ ਉਸ ਕਾਲੇ ਸਿਆਹ ਆਸਮਾਨ ਵੱਲ ਤੱਕਣ ਲੱਗਾ ਤੇ ਕੁਝ ਮਨ ਵਿੱਚ ਸੋਚਣ ਲੱਗਾ।
ਇੱਧਰ ਸਾਰੇ ਰਾਹ ਵਿੱਚ ਵੀਨਾ ਤੇ ਤਰਲੋਚਨ ਸਿੰਘ ਖਾਮੋਸ਼ ਹੋ ਕੇ ਸੋਚਾਂ ਵਿੱਚ ਡੁੱਬੇ ਘਰ ਨੂੰ ਆ ਗਏ। ਉਨ੍ਹਾਂ ਨੂੰ ਪਤਾ ਨਾ ਲੱਗਾ ਕਿ ਉਹ ਕਦੋਂ ਉਹ ਘਰ ਦੇ ਬਾਹਰ ਪਹੁੰਚੇ। ਅਚਾਨਕ ਤਰਲੋਚਨ ਸਿੰਘ ਦੇ ਫੋਨ ਦੀ ਘੰਟੀ ਖੜਕੀ ਅਗੋਂ ਆਵਾਜ਼ ਆਈ ਤੁਹਾਡੀ ਬੇਟੀ ਕਿਰਨ ਦਾ ਵੀਜ਼ਾ ਲੱਗ ਗਿਆ ਹੈ। ਤੁਸੀਂ ਆਪਣੇ ਪਾਸਪੋਰਟ ਨੂੰ ਪਰਸੋਂ ਲੈ ਜਾਉ। ਹੁਣ ਦੋਵੇਂ ਜੀਆ ਨੂੰ ਇਹ ਨਹੀਂ ਸਮਝ ਆ ਰਹੀ ਸੀ ਕਿ ਉਹ ਖੁਸ਼ ਹੋਣ ਜਾ ਨਾਂ। ਉਹਨਾਂ ਨੇ ਇਹ ਸੁਣ ਕੇ ਫੋਨ ਬੰਦ ਕਰ ਦਿੱਤਾ ਤੇ ਆਪਣੇ ਮਕਾਨ ਦੇ ਬਾਹਰ ਖੜ੍ਹੇ ਕੇ ਉਸ ਦੀਆਂ ਨਵੀਂਆਂ ਮੰਜ਼ਿਲਾਂ ਨੂੰ ਵੇਖ ਰਹੇ ਸਨ ਕੀ ਇੱਕ 15 ਸਾਲ ਦਾ ਮੁੰਡਾ ਜੋ ਕੀ ਪ੍ਰਵਾਸੀ ਸੀ ਤਰਲੋਚਨ ਤੇ ਵੀਨਾ ਨੂੰ ਮੁਖਾਤਿਬ ਹੋ ਕੇ ਪੁੱਛਦਾ ਹੈ ਸਰਦਾਰ ਜੀ ਕੋਈ ਘਰ ਵਿੱਚ ਕੰਮ ਮਿਲੇਗਾ। ਵੀਨਾ ਤੇ ਤਰਲੋਚਨ ਸਿੰਘ ਇੱਕ ਦੂਜੇ ਵੱਲ ਸਵਾਲੀਆ ਨਜ਼ਰਾਂ ਨਾਲ ਦੇਖਣ ਲੱਗ ਪਏ।
ਹਰ ਘਰ ਸ਼ਾਮ ਨੂੰ ਆਪਣੀਆਂ ਦੀ ਉਡੀਕ ਕਰਦਾ ਹੈ ਕੋਈ , ਕੋਈ ਪ੍ਰਦੇਸੀ ਮੁਸਾਫ਼ਿਰ ਜ਼ਿੰਦਾ ਸ਼ਰੀਰ ਵਿੱਚ ਵਾਪਸ ਆ ਜਾਂਦਾ ਹੈ ਤੇ ਕੈਂਈ ਆਤਮਾ ਵਿੱਚ ਪਰ ਇਕ ਦਿਨ ਆਉਂਦਾ ਜ਼ਰੂਰ ਹੈ। ਅੱਜ ਕੇਵਲ ਪੰਜਾਬ ਸੂਬੇ ਦੇ ਹੀ ਲੱਖਾ ਘਰਾਂ ਦੇ ਕਮਰੇ ਪਰਵਾਸ ਕਰਕੇ ਬੰਦ ਹਨ ਜੋ ਆਪਣੀਆਂ ਦੀਆਂ ਉਡੀਕਾਂ ਵਿੱਚ ਜਰਜ਼ਰ ਹਾਲਾਤਾਂ ਵਿੱਚ ਮੁਸਲਸੱਲ ਆਂਖ ਰਹੇ ਨੇ।
ਇੱਕ ਦਿਨ ਬੰਦ ਕਮਰੇ ਬੋਲਣ ਲੱਗੇ ਰਾਜ ਪ੍ਰਦੇਸੀਆਂ ਦੇ ਖੋਲ੍ਹਣ ਲੱਗੇ ਤਾਲੇ ਖੋਲ੍ਹੋ ਅਸਾਂ ਵੀ ਸਾਹ ਲੈਣਾ ਏਂ ਬਹੁਤੀ ਦੇਰ ਨਾ ਕਰੋ ਆ ਕੇ ਮਿਲ ਜਾਉ ਤਾਲਿਬ ਅਸਾਂ ਹੁਣ ਬਹੁਤੀ ਦੇਰ ਨਾ ਰਹਿਣਾ ਏਂ ।