ਸਮੇਂ ਦੀ ਮਾਰ
ਉਜਾਗਰ ਸਿੰਘ ਪੰਝਤਰਾਂ ਨੂੰ ਪਾਰ ਕਰ ਚੁੱਕਿਆ ਸੀ।
ਉਹ ਪਿਛਲੇ ਦਸ ਦਿਨਾਂ ਤੋਂ ਮੰਜੇ ਤੇ ਪਿਆ ਸੀ। ਵਾਰੀ ਦਾ ਬੁਖਾਰ ਆਇਆ ਸੀ। ਉਸਦੀ ਧਰਮ ਪਤਨੀ ਗੁਰਨਾਮ ਕੌਰ ਉਸਨੂੰ ਬੜਾ ਹੌਸਲਾ ਦਿੰਦੀ, ਪਰ ਉਹ ਅੰਦਰੋਂ ਟੁੱਟ ਚੁੱਕਿਆ ਸੀ। ਪਿਛਲੇ ਪੰਜ- ਸੱਤ ਸਾਲਾਂ ਤੋਂ ਨਰਮੇ ਦੀ ਫਸਲ ਵੀ ਮਾਰੀ ਗਈ ਸੀ। ਬੈਂਕ ਤੇ ਆੜ੍ਹਤੀਏ ਦਾ ਕਰਜਾ ਸਿਰ ਤੋਂ ਉੱਚਾ ਹੋ ਗਿਆ ਸੀ।
ਬੀਮਾਰ ਹੋਣ ਤੋਂ ਪਹਿਲਾਂ ਉਜਾਗਰ ਸਿੰਘ ਆੜ੍ਹਤੀਏ ਰਾਧੇ ਸ਼ਿਆਮ ਕੋਲ ਸੱਤ-ਅੱਠ ਵਾਰੀ ਹੋ ਆਇਆ ਸੀ। ਪਰ ਆੜ੍ਹਤੀਆ ਸੀ ਕਿ ਪੈਸੇ ਵੱਲੋਂ ਕੋਈ ਉਂਗਲ-ਅੰਗੂਠਾ ਨਹੀਂ ਫੜਾਉਂਦਾ ਸੀ। ਗੁਰਨਾਮ ਕੌਰ ਨੇ ਸਵੇਰੇ ਚੁੱਲ੍ਹਾ-ਚੌਂਕਾ ਕੀਤਾ ਤੇ ਉਜਾਗਰ ਸਿੰਘ ਕੋਲ ਮੰਜੇ ਉੱਤੇ ਬੈਠਦਿਆਂ ਕਿਹਾ, “ਸਰਦਾਰਾ ਅੱਜ ਮੈਂ ਜਾਵਾਂ ਚੌਧਰੀ ਰਾਧੇ ਸ਼ਿਆਮ ਕਿਆਂ ਦੇ? ਕੀ ਹੋਇਆ ਬੰਦੇ ਦੇ ਮਾੜੇ-ਚੰਗੇ ਦਿਨ ਆਉਂਦੇ ਹੀ ਰਹਿੰਦੇ ਨੇ। ਕੀ ਅਸੀਂ ਹੁਣ ਭੁੱਖੇ ਮਰ ਜਾਈਏ? ਤਿੰਨ ਪੀੜ੍ਹੀਆਂ ਤੋਂ ਆਪਣੇ ਤੇ ਉਨ੍ਹਾਂ ਦੇ ਪਰਿਵਾਰ ਦਾ ਸਾਥ ਚਲਦਾ ਆ ਰਿਹੈ।”
ਉਜਾਗਰ ਸਿੰਘ ਚਾਹੁੰਦਾ ਹੋਇਆ ਵੀ ਨਾ ਰੋਕ ਸਕਿਆ।
ਗੁਰਨਾਮ ਕੌਰ ਪਿੰਡ ਤੋਂ ਸ਼ਹਿਰ ਵੱਲ ਨੂੰ ਜਾਂਦੀ ਹੋਈ ਸੋਚਦੀ ਜਾ ਰਹੀ ਸੀ ‘ਅੱਜ ਉਸਦੇ ਚਾਰ ਪੁੱਤਰ ਆਪਣੇ ਘਰ-ਪਰਿਵਾਰ ਵਾਲੇ ਹੋ ਗਏ ਹਨ, ਪਰ ਉਨ੍ਹਾਂ ਦੀ ਕੋਈ ਬਾਤ ਨਹੀਂ ਪੁੱਛਦੇ ਹਨ। ਫਿਰ ਦੂਸਰੇ ਪਲ ਸੋਚਣ ਲਗਦੀ ਕਿ ਉਹ ਕਿਹੜਾ ਘਰੋਂ ਸੋੱਖੇ ਹਨ। ਉਹ ਵੀ ਤਾਂ ਫਸਲ ਨਾ ਹੋਣ ਕਰਕੇ ਕਰਜ਼ਾਈ ਹੋਏ ਪਏ ਹਨ। ਫਿਰ ਸੁੱਖ ਨਾਲ ਪਰਿਵਾਰ ਵੀ ਉਨ੍ਹਾਂ ਦਾ ਵੱਡਾ ਸੀ।’
ਇਹ ਸੋਚਦੀ ਹੋਈ ਗੁਰਨਾਮ ਕੌਰ ਚੌਧਰੀ ਰਾਧੇ ਸ਼ਿਆਮ ਦੀ ਆੜ੍ਹਤ ਤੇ ਪਹੁੰਚ ਗਈ। ਉੱਥੇ ਪਹੁੰਚਣ ਤੇ ਪਤਾ ਚੱਲਿਆ ਕਿ ਚੌਧਰੀ ਰਾਧੇ ਸ਼ਿਆਮ ਕੁਝ ਦਿਨਾਂ ਤੋਂ ਆੜ੍ਹਤ ਤੇ ਨਹੀਂ ਆ ਰਿਹਾ ਸੀ। ਉਸਨੇ ਉਹਨੂੰ ਘਰ ਮਿਲਣ ਦੀ ਸੋਚੀ।
ਚੌਧਰੀ ਰਾਧੇ ਸ਼ਿਆਮ ਆਪਣੇ ਘਰ ਦੇ ਡਰਾਇੰਗ ਰੂਮ ਵਿਚ ਕੁਝ ਬਾਬੂ ਲੋਕਾਂ ਨਾਲ ਬੈਠਾ ਹੋਇਆ ਪਰੇਸ਼ਾਨ ਨਜ਼ਰ ਆ ਰਿਹਾ ਸੀ।
“ਆ ਚਾਚੀ! ਕਿਵੇਂ ਆਉਣਾ ਹੋਇਆ?” ਰਾਧੇ ਸ਼ਿਆਮ ਨੇ ਉੱਠ ਕੇ ਗੁਰਨਾਮ ਕੌਰ ਨੂੰ ਸਿਰ ਨਿਵਾਉਂਦੇ ਹੋਏ ਕਿਹਾ।
“ਪੁੱਤ ਤੇਰਾ ਚਾਚਾ ਬਹੁਤ ਬੀਮਾਰ ਐ। ਘਰ ਦੇ ਰਾਸ਼ਨ- ਪਾਣੀ ਤੇ ਕੱਪੜੇ ਲੀੜੇ ਲਈ ਪੰਜ ਹਜ਼ਾਰ ਰੁਪਏ ਚਾਹੀਦੇ ਸੀ।” ਗੁਰਨਾਮ ਕੌਰ ਨੇ ਰਾਏ ਸ਼ਿਆਮ ਦੀ ਪਿੱਠ ਤੇ ਹੱਥ ਫੇਰਦੇ ਹੋਏ ਕਿਹਾ।
“ਚਾਚੀ! ਪੈਸਾ ਤਾਂ ਹੈ ਨਹੀਂ। ਤੈਨੂੰ ਪਤਾ ਹੀ ਐ, ਪਿਛਲੇ ਚਾਰ-ਪੰਜ ਸਾਲ ਤੋਂ ਫਸਲ ਦੀ ਮਾਰ ਕਰਕੇ, ਫੈਕਟਰੀ ਬਹੁਤ ਬੁਰੀ ਤਰ੍ਹਾਂ ਘਾਟੇ ‘ਚ ਐ। ਤੇ ਫਿਰ ਕੁਝ ਵੱਡੇ ਘਰ ਵੀ ਪੈਸੇ ਲੈ ਕੇ ਤੂੰ ਵੇਖਦੀ ਪਈ ਐਂ, ਕਮਰੇ ‘ਚ ਬੈਠੇ ਇਹ ਬੈਂਕ ਵਾਲੇ ਮੇਰੇ ਘਰ ਤੇ ਫੈਕਟਰੀ ਦੀ ਕੁਰਕੀ ਕਰਨ ਨੂੰ ਫਿਰਦੇ ਨੇ।” ਰਾਧੇ ਸ਼ਿਆਮ ਨੇ ਠੰਡਾ ਹਉਕਾ ਲੈਂਦੇ ਹੋਏ ਕਿਹਾ।
ਗੁਰਨਾਮ ਕੌਰ ਨੂੰ ਹੁਣ ਆਪਣਾ ਆਪ ਭਾਰਾ-ਭਾਰਾ ਜਾਪ ਰਿਹਾ ਸੀ।