ਚੰਗੀ ਚੀਜ਼

ਹਸਪਤਾਲ ਦੇ ਡਾਕਟਰ ਨੇ ਜਦੋਂ ਸੁਖਰਾਜ ਨੂੰ ਦੱਸਿਆ ਕਿ ਉਹਦੇ ਘਰ ਚੰਨ ਵਰਗੇ ਪੁੱਤਰ ਨੇ ਜਨਮ ਲਿਆ ਹੈ ਤਾਂ ਉਸਦੇ ਚਾਵਾਂ ਤੇ ਖੁਸ਼ੀਆਂ ਨੂੰ ਜਿਵੇਂ ਖੰਭ ਲੱਗ ਗਏ ਹੋਣ। ਹੁਣ ਸੁਖਰਾਜ ਇਹ ਖੁਸ਼ੀ ਦੀ ਖਬਰ ਆਪਣੇ ਘਰਦਿਆਂ ਨੂੰ ਸੁਣਾਉਣ ਲਈ ਤਰਲੋਮੱਛੀ ਹੋ ਰਿਹਾ ਸੀ।

ਸ਼ਹਿਰ ਤੋਂ ਉਹਦੇ ਪਿੰਡ ਨੂੰ ਜਾਂਦੀ ਆਖਰੀ ਬੱਸ ਲੰਘ ਚੁੱਕੀ ਸੀ। ਤੇ ਫਿਰ ਉਸਨੇ ਹਰ ਹਾਲਤ ਵਿਚ ਪਿੰਡ ਪੁੱਜਣ ਲਈ ਕਿਰਾਏ ਦੀ ਕਾਰ ਕਰਵਾ ਲਈ। ਘਰ ਜਾਂਦਿਆਂ ਹੀ ਸੁਖਰਾਜ ਚਾਈਂ-ਚਾਈਂ ਆਪਣੇ ਬਾਪੂ ਨੂੰ ਕਹਿਣ ਲੱਗਾ “ਆ ਬਾਪੂ, ਤੈਨੂੰ ਇੱਕ ਚੰਗੀ ਖਬਰ ਸੁਣਾਵਾਂ।”

“ਕਾਹਦੀ ਚੰਗੀ ਖਬਰ ਐ ਪੁੱਤਰਾ?”
“ਕਿਸੇ ਚੰਗੀ ਚੀਜ਼ ਦੀ ਖਬਰ।”
“ਹਾਂ ਦੱਸ, ਕਿਹੜੀ ਚੰਗੀ ਚੀਜ਼ ਦੀ ਖਬਰ?”

“ਬਾਪੂ, ਆਪਣੇ ਘਰ ਸੁਖ ਨਾਲ ਬੇਟਾ ਜਨਮਿਆ ਏ, ਬੇਟਾ!”

ਇਹ ਖ਼ਬਰ ਜਿਵੇਂ ਬਾਪੂ ਦੀ ਦੁਖਦੀ ਰਗ ਤੇ ਠੋਕਰ ਮਾਰ ਗਈ ਹੋਵੇ। ਉਹ ਨਿਰਉੱਤਰ ਜਿਹਾ ਕਿਸੇ ਡੂੰਘੀ ਸੋਚ ਵਿਚ ਗੁਆਚਿਆ, ਟਿਕਟਿਕੀ ਲਾ ਕੇ ਆਪਣੇ ਤੋਂ ਬੇਮੁੱਖ ਤੇ ਬੇਵਫ਼ਾ ਹੋਏ ਪੁੱਤਰ ਸੁਖਰਾਜ ਦੇ ਮੂੰਹ ਵੱਲ ਵੇਖਣ ਲੱਗ ਪਿਆ।

ਤੇ ਫਿਰ ਸੁਖਰਾਜ ਨੇ ਬਾਪੂ ਦੀ ਸੋਚ ਨੂੰ ਝੰਜੋੜਦਿਆਂ ਕਿਹਾ, “ਬਾਪੂ, ਕੀ ਗੱਲ ਤੂੰ ਖੁਸ਼ੀ ਵਿਚ ਝੂਮਿਆ ਕਿਉਂ ਨਹੀਂ? ਗਮਗੀਨ ਜਿਹਾ ਕਿਉਂ ਹੋ ਗਿਆ ਏਂ? ਆਪੇ ਤਾਂ ਤੂੰ ਕਿਹਾ ਕਰਦਾ ਸੀ ਕਿ ਆਪਣੇ ਘਰ ਕੋਈ ਚੰਗੀ ਚੀਜ਼ ਆਵੇ ਤਾਂ ਚੰਗੈ, ਤੇ ਅੱਜ?”

“ਪੁੱਤਰਾ ! ਤੂੰ ਵੀ ਤਾਂ ਮੇਰੇ ਘਰ ਇਕ ਦਿਨ ਚੰਗੀ ਚੀਜ਼ ਬਣ ਕੇ ਆਇਆ ਸੀ, ਤੇਰੇ ਆਉਣ ਤੇ ਮੈਂ ਲੱਖ ਖੁਸ਼ੀਆਂ ਮਨਾਈਆਂ, ਪਾਲਿਆ-ਪੋਸਿਆ, ਪੜ੍ਹਾਇਆ-ਲਿਖਾਇਆ ਤੇ ਚੰਗੀ ਕੁਰਸੀ ‘ਤੇ ਬਿਠਾਇਆ।” ਬਾਪੂ ਨੇ ਇਕ ਲੰਮਾ ਹਉਕਾ ਭਰਿਆ ਤੇ ਸੇਜਲ ਹੋਈਆਂ ਅੱਖਾਂ ਨੂੰ ਮੋਢੇ ਉੱਤੇ ਰੱਖੇ ਪਰਨੇ ਦੇ ਪੱਲੂ ਨਾਲ ਪੂੰਝਣ ਲੱਗ ਪਿਆ।