ਪਰੌਂਠਾ

ਆਪਣੇ ਆਪ ‘ਤੇ ਵਿਸ਼ਵਾਸ ਕਰਨ ਨੂੰ ਦਿਲ ਨਹੀਂ ਸੀ ਕਰ ਰਿਹਾ। ਮਨ ਹੀ ਮਨ ਵਿੱਚ ਕਈ ਮੰਦਰ ਬਣਾਉਣੇ ਚਾਹੇ ਲੇਕਿਨ ਸੰਪੂਰਨਤਾ ਕਿਸੇ ਵਿੱਚ ਵੀ ਨਾ ਮਿਲੀ। ਯਕੀਨ ਨਹੀਂ ਸੀ ਆ ਰਿਹਾ ਕਿ ਐਨਾ ਪੜ੍ਹ ਲਿਖ ਕੇ ਇਸ ਤਰ੍ਹਾਂ ਦਾ ਮੰਨਿਆਂ ਪਰਮੰਨਿਆਂ ਪਰਿਵਾਰ, ਜਿਸ ਦੇ ਪਿਉ ਦਾਦੇ ਅਫ਼ਸਰੀ ਠਾਠ ਨਾਲ ਰਹੇ ਹੋਣ। ਦੇ ਭਰਾ ਗਜ਼ਟਡ ਅਫ਼ਸਰ ਲੇਕਿਨ ਮੈਨੂੰ ਨੌਕਰੀ ਨਹੀਂ ਸੀ ਮਿਲ ਰਹੀ। ਸੂਰਜ ਚੜ੍ਹਦੇ ਦਾ ਤੇ ਛੁਪਣ ਲੱਗੇ ਦਾ ਕੋਈ ਬਹੁਤਾ ਫਰਕ ਹੀ ਨਹੀਂ ਸੀ ਮਹਿਸੂਸ ਹੋ ਰਿਹਾ। ਕੀ ਕਰਾਂ ਕੀ ਨਾ ਕਰਾਂ, ਕਿੱਧਰ ਨੂੰ ਜਾਵਾਂ ਕੋਈ ਵੀ ਫੈਸਲਾ ਕਰਨ ਦਾ ਕੋਈ ਕਾਰਨ ਨਹੀਂ ਸੀ ਦਿਸ ਰਿਹਾ। ਜਦੋਂ ਹੋਸਟਲ ਵਿੱਚ ਰਹਿ ਕੇ ਪੜ੍ਹਦਾ ਸਾਂ ਤਾਂ ਹਰ ਮਹੀਨੇ ਜੇਬ ਖਰਚਾ ਮੰਗਣਾ ਆਪਣਾ ਹੱਕ ਲਗਦਾ ਸੀ ਲੇਕਿਨ ਅੱਜ ਸਭ ਕੁਝ ਹੀ ਅਰਥਹੀਣ ਹੋ ਗਿਆ ਜਾਪਦਾ। ਪਿੰਡ ਹੀ ਰਹਿਣਾ। ਰਸੋਈ ਵਾਲੇ ਨੌਕਰ ਨੇ ਸਵੇਰ ਦੀ ਚਾਹ ਮੰਜੇ ‘ਤੇ ਦੇ ਜਾਣੀ, ਰੋਟੀ ਵੇਲੇ ਰੋਟੀ ਮਿਲ ਜਾਣੀ। ਸ਼ਾਮ ਦਾ ਖਾਣਾ ਖਾਣ ਤੋਂ ਬਾਅਦ ਦੋ ਚਾਰ ਚੱਕਰ ਏਧਰ ਉਧਰ ਲਾ ਕੇ ਬਿਸਤਰੇ ਵਿੱਚ ਅਸਤ ਹੋ ਜਾਣਾ।

ਮਾਰਚ ਦਾ ਮਹੀਨਾ ਚੜ੍ਹ ਪਿਆ ਸੀ। ਇੱਕ ਦਿਨ ਸਵੇਰੇ ਚਾਹ ਦਾ ਕੱਪ ਪੀ ਕੇ ਘਰੋਂ ਬਾਹਰ ਨਿਕਲਣ ਲੱਗਾ। ਮੱਠੀ ਮੱਠੀ ਠੰਢ ਸੀ। ਆਪਣੇ ਬਿਸਤਰੇ ‘ਤੇ ਵਿਛੀ ਚਾਦਰ ਦੀ ਬੁੱਕਲ ਮਾਰ ਲਈ। ਘਰੋਂ ਤੁਰਕੇ ਨਹਿਰ ਤੱਕ ਸਾਡੇ ਆਪਣੇ ਖੇਤਾਂ ਵਿੱਚੋਂ ਦੀ ਤੁਰਦਾ ਫਿਰਦਾ ਨਹਿਰ ‘ਤੇ ਪਹੁੰਚ ਗਿਆ। ਬਿਨਾਂ ਸੋਚੇ ਸਮਝੇ ਬਿਨਾਂ ਕਿਸੇ ਦਲੀਲ ਦੇ ਨਹਿਰ ਦੇ ਕੰਢੇ ਕੰਢੇ ਤੁਰਿਆ ਗਿਆ, ਨਹਿਰ ਨਹਿਰ ਤੁਰਦਾ ਜਲੰਧਰ ਪਹੁੰਚ ਗਿਆ। ਪੰਜ ਕੁ ਮੀਲ ਦਾ ਪੈਂਡਾ ਸੀ। ਜਲੰਧਰ ਪਹੁੰਚ ਕੇ ਖਿਆਲ ਆਇਆ ਕਿ ਇਸ ਸ਼ਹਿਰ ਦੇ ਬਹੁਤ ਲੋਕ ਸਾਨੂੰ ਜਾਣਦੇ ਹਨ, ਕੋਈ ਦੇਖੂ ਤਾਂ ਕੀ ਸੋਚੂ? ਇਸ ਖਿਆਲ ਨਾਲ ਚਾਦਰ ਸਿਰ ‘ਤੇ ਲਪੇਟ ਕੇ ਬੁੱਕਲ ਮਾਰ ਲਈ, ਅੱਖਾਂ ਕੁ ਮੂੰਹ ਬੁੱਕਲ ਵਿੱਚ ਲੈ ਕੇ ਹੌਲੀ ਹੌਲੀ ਤੁਰਿਆ ਗਿਆ ਤੇ ਰੇਲਵੇ ਸਟੇਸ਼ਨ ਪਹੁੰਚ ਗਿਆ। ਬੜੀ ਭੀੜ ਸੀ, ਜਿੱਧਰ ਨੂੰ ਲੋਕ ਤੁਰੇ ਜਾਣ ਉਧਰ ਨੂੰ ਮੈਂ ਵੀ ਤੁਰਿਆ ਜਾਵਾਂ। ਅੰਮ੍ਰਿਤਸਰ ਵੱਲੋਂ ਆਉਂਦੀ ਗੱਡੀ ਰੁਕੀ, ਬਹੁਤ ਲੋਕ ਉਸ ਗੱਡੀ ਵਿੱਚ ਭੱਜ-ਭੱਜ ਕੇ ਚੜ੍ਹ ਰਹੇ ਸੀ। ਮੈਂ ਵੀ ਭੱਜ ਕੇ ਚੜ੍ਹ ਗਿਆ। ਗੱਡੀ ਤੁਰ ਪਈ। ਜਿੱਥੇ ਜਿੱਥੇ ਕਿਸੇ ਨੂੰ ਸੀਟ ਮਿਲੀ ਲੋਕੀਂ ਬੈਠਦੇ ਗਏ। ਹੌਲੀ ਹੌਲੀ ਮੁਸਾਫਰ ਇੱਕ ਦੂਜੇ ਨਾਲ ਗੱਲਬਾਤ ਕਰਨ ਲੱਗ ਪਏ। ਮੇਰੇ ਲਾਗੇ ਬੈਠੀ ਇੱਕ ਔਰਤ ਮੈਨੂੰ ਪੁੱਛਣ ਲੱਗੀ, ਵੀਰਾ ਤੂੰ ਕਿੱਥੇ ਜਾਣਾ? ਮੈਨੂੰ ਤਾਂ ਖੁਦ ਨਹੀਂ ਸੀ ਪਤਾ ਕਿ ਮੈਂ ਕਿੱਥੇ ਜਾਣਾ। ਵੀਰਾ ਸੁੱਖ ਤਾਂ ਹੈ? ਕੀ ਗੱਲ ਬੋਲਦਾ ਕਿਉਂ ਨਹੀਂ, ਉਹ ਤਾਂ ਵਿਚਾਰੀ ਹਮਦਰਦੀ ਦਿਖਾ ਰਹੀ ਸੀ ਲੇਕਿਨ ਉਸ ਦੀ ਹਮਦਰਦੀ ਨੇ ਮੈਨੂੰ ਉਸ ਦੇ ਕੋਲ ਬੈਠਣਾ ਔਖਾ ਕਰ ਦਿੱਤਾ। ਪਰ ਚੱਲਦੀ ਗੱਡੀ ‘ਚੋਂ ਜਾਵਾਂ ਤਾਂ ਕਿੱਥੇ ਜਾਵਾਂ। ਏਨੇ ਨੂੰ ਗੱਡੀ ਲੁਧਿਆਣੇ ਆ ਕੇ ਰੁਕੀ। ਮੈਂ ਫਟਾ ਫਟ ਗੱਡੀ ‘ਚੋਂ ਉਤਰ ਗਿਆ।

ਜੇ ਕੋਈ ਮੇਰੇ ਵੱਲ ਅੱਖਾਂ ਨਾਲ ਅੱਖਾਂ ਪਾ ਕੇ ਦੇਖਦਾ ਤਾਂ ਮੈਂ ਇਕ ਦਮ ਨੀਵੀਂ ਪਾ ਲੈਂਦਾ। ਮੈਨੂੰ ਲਗਦਾ ਜਿਵੇਂ ਕੋਈ ਸਵਾਲ ਕਰ ਰਿਹਾ ਹੋਵੇ, ਕਿਉਂਕਿ ਕਿਸੇ ਵੀ ਸਵਾਲ ਦਾ ਜਵਾਬ ਤਾਂ ਮੇਰੇ ਕੋਲ ਸੀ ਨਹੀਂ। ਲੋਕਾਂ ਦੀ ਭੀੜ ਤੋਂ ਪਾਸੇ ਜਾਣ ਦੀ ਕੋਸ਼ਿਸ਼ ਵਿੱਚ ਮੈਂ ਇਕਾਂਤ ਭਾਲਦਾ ਭਾਲਦਾ ਲੁਧਿਆਣੇ ਤੋਂ ਬਾਹਰ ਨਿਕਲ ਗਿਆ। ਏਨੇ ਨੂੰ ਮਾੜਾ ਮਾੜਾ ਹਨ੍ਹੇਰਾ ਹੋਣ ਲੱਗ ਪਿਆ ਸੀ। ਸ਼ਹਿਰ ਦੇ ਬਾਹਰਵਾਰ ਇੱਕ ਬੰਦ ਹੋ ਚੁੱਕੀ ਦੁਕਾਨ ਦੇ ਮੋਹਰੇ ਬਣੇ ਥੜੇ ਤੇ ਮੈਂ ਬੈਠ ਗਿਆ। ਥੜ੍ਹੇ ਤੇ ਕੋਈ ਸਾਰਾ ਦਿਨ ਕੋਲਿਆਂ ਦੀ  ਭੱਠੀ ਬਾਲ ਕੇ ਕੁਝ ਪਕਾਉਂਦਾ ਰਿਹਾ ਹੋਣਾ। ਭੱਠੀ ਹਾਲੇ ਪੂਰੀ ਗਰਮ ਸੀ। ਸਾਰਾ ਦਿਨ ਤੁਰ ਤੁਰ ਕੇ ਥੱਕਿਆ ਮੈਂ ਉਸ ਬੜ੍ਹੇ ਤੇ ਚਾਦਰ ਉੱਪਰ ਲੈ ਕੇ ਲੇਟ ਗਿਆ ਤੇ ਮੈਨੂੰ ਨੀਂਦ ਆ ਗਈ। ਤੜਕੇ ਉੱਠਿਆ ਠੰਢ ਲੱਗ ਰਹੀ ਸੀ। ਭੱਠੀ ਦੀ ਗਰਮੀ ਰਾਤੋ ਰਾਤ ਠੰਢੀ ਹੋ ਚੁੱਕੀ ਸੀ। ਚਾਦਰ ਦੀ ਬੁੱਕਲ ਮਾਰ ਕੇ ਮੈਂ ਹੌਲੀ ਹੌਲੀ ਤੁਰ ਪਿਆ। ਤੁਰਨ ਨਾਲ ਸਰੀਰ ਥੋੜ੍ਹਾ ਗਰਮੀ ਵਿੱਚ ਆ ਗਿਆ। ਸੂਰਜ ਵੀ ਚੜ੍ਹ ਪਿਆ, ਮੈਂ ਜੀ ਟੀ ਰੋਡ ਦੇ ਪਾਸੇ ਪਾਸੇ ਤੁਰਿਆ ਗਿਆ। ਹਾਲੇ ਸਵੇਰਾ ਹੀ ਸੀ ਕਿ ਮੈਂ ਫਲੌਰ ਪਹੁੰਚ ਗਿਆ। ਸੜਕ ਦੇ ਦੋਵੇਂ ਪਾਸੇ ਲੋਕ ਤੁਰੇ ਫਿਰਦੇ ਨਜ਼ਰ ਆਏ ਲੋਕਾਂ ਤੋਂ ਪਰੇ ਪਰੇ ਰਹਿਣ ਲਈ ਮੈਂ ਖੱਬੇ ਪਾਸੇ ਜਾਂਦੀ ਇੱਕ ਸੜਕ ਤੇ ਮੁੜ ਗਿਆ। ਉਸ ਸੜਕ ਤੇ ਮੈਂ ਹਾਲੇ ਥੋੜ੍ਹਾ ਦੂਰ ਹੀ ਗਿਆ ਸਾਂ ਕਿ ਮੀਲ ਪੱਥਰ ਤੇ ਜੰਡਿਆਲਾ ਲਿਖਿਆ ਪੜ੍ਹ ਕੇ ਮੈਨੂੰ ਪਤਾ ਲੱਗ ਗਿਆ ਕਿ ਮੈਂ ਆਪਣੇ ਪਿੰਡ ਵੱਲ ਨੂੰ ਹੀ ਜਾ ਰਿਹਾ ਹਾਂ। ਇੱਕ ਗੱਲ ਦਾ ਹੌਂਸਲਾ ਹੋ ਗਿਆ ਕਿ ਜੇ ਮੈਨੂੰ ਹੁਣ ਕੋਈ ਪੁੱਛੂ ਕਿੱਥੇ ਚੱਲਿਆਂ ਤਾਂ ਮੈਂ ਆਪਣਾ ਪਿੰਡ ਦੱਸ ਸਕਦਾ ਹਾਂ। ਸੜਕ ਤੇ ਡਿੱਗਿਆ ਕਿਸੇ ਦਾ ਗੰਨਾ ਚੁੱਕ ਕੇ ਚੂਪਦਾ ਤੁਰਿਆ ਗਿਆ। ਗੰਨਾ ਚੂਪਣ ਨਾਲ ਜਿਵੇਂ ਯਾਦ ਆ ਗਿਆ ਕਿ ਮੈਂ ਤਾਂ ਕੱਲ ਦਾ ਕੁਝ ਖਾਧਾ ਹੀ ਨਹੀਂ। ਖੈਰ ਭੁੱਖ ਨੂੰ ਭੁਲਾਉਣ ਦੀ ਕੋਸ਼ਿਸ਼ ਕਰਦਾ ਤੁਰਿਆ ਗਿਆ।

ਤਕਰੀਬਨ ਦੁਪਹਿਰ ਦਾ ਸਮਾਂ ਹੋ ਗਿਆ, ਅੱਗੇ ਇੱਕ ਪਿੰਡ ਨਜ਼ਰ ਆਇਆ। ਪਿੰਡ ਦਾ ਸਕੂਲ ਸੜਕ ਦੇ ਬਿਲਕੁਲ ਨਾਲ ਸੀ। ਸਕੂਲ ਦੇ ਸਾਹਮਣੇ ਸੜਕ ਦੇ ਕੰਢੇ ਤੇ ਕਈ ਦਰਖਤ ਸਨ। ਦੁਪਹਿਰ ਵੇਲੇ ਗਰਮੀ ਥੋੜ੍ਹੀ ਥੋੜ੍ਹੀ ਚੁੱਭ ਰਹੀ ਸੀ। ਮੈਂ ਥਕਾਵਟ ਵੀ ਮਹਿਸੂਸ ਕਰ ਰਿਹਾ ਸੀ। ਜ਼ਰਾ ਕ ਆਰਾਮ ਕਰਨ ਦੀ ਸੋਚ ਕੇ ਇੱਕ ਦਰਖਤ ਹੇਠਾਂ ਮੈਂ ਬੈਠ ਗਿਆ। ਮੈਂ ਹਾਲੇ ਬੈਠਾ ਹੀ ਸੀ ਕਿ ਘੰਟੀ ਵੱਜੀ ਸਕੂਲ ਵਿੱਚ ਅੱਧੀ ਛੁੱਟੀ ਹੋਈ।ਬੱਚੇ ਦੌੜੇ ਦੌੜੇ ਆਏ, ਪੰਜ ਸੱਤ ਬੱਚੇ ਉਸੇ ਦਰਖਤ ਹੇਠਾਂ ਆ ਬੈਠੇ ਤੇ ਉਨ੍ਹਾਂ ਆਪੋ ਆਪਣਾ ਲੰਚ ਖੋਲ੍ਹ ਕੇ ਖਾਣਾ ਸ਼ੁਰੂ ਕਰ ਦਿੱਤਾ। ਇੱਕ ਲੜਕਾ ਮੇਰੇ ਤੋਂ ਦੋ ਕੁ ਗਜ਼ ਦੂਰ ਬੈਠਾ ਸੀ। ਕੱਪੜੇ ਲੱਤੇ ਤੋਂ ਕਿਸੇ ਸਰਦੇ ਪੁੱਜਦੇ ਘਰ ਦਾ ਲਗਦਾ ਸੀ। ਉਸ ਨੇ ਆਪਣਾ ਰੋਟੀ ਵਾਲਾ ਡੱਬਾ ਖੋਲ੍ਹਿਆ, ਵਿੱਚੋਂ ਇੱਕ ਪਰੌਂਠਾ ਕੱਢਿਆ ਤੇ ਖਾਣ ਲੱਗ ਪਿਆ। ਏਨੀ ਵਧੀਆ ਮਹਿਕ ਆਈ ਕਿ ਰੋਕਦਿਆਂ ਰੋਕਦਿਆਂ ਵੀ ਮੈਂ ਉਸ ਦਸ ਬਾਰਾਂ ਸਾਲ ਦੇ ਬੱਚੇ ਦੀਆਂ ਸਾਰੀਆਂ ਬੁਰਕੀਆਂ ਗਿਣਦਾ ਰਿਹਾ। ਉਸ ਬੱਚੇ ਦਾ ਹਾਣੀ ਪਰਮਾਣੀ ਇੱਕ ਲੜਕਾ, ਜਿਸ ਨੇ ਲੰਬਾ ਜਿਹਾ ਝੱਗਾ ਪਾਇਆ ਹੋਇਆ ਸੀ, ਸਿਰੋਂ ਪੈਰੋਂ ਨੰਗਾ, ਝੱਗੇ ਵਿੱਚ ਵੀ ਇੱਕ ਦੋ ਮੋਰੀਆਂ ਸਨ। ਇੱਕ ਮੋਰੀ ਵਿੱਚ ਦੀ ਤਾਂ ਉਸ ਦਾ ਢਿੱਡ ਨਜ਼ਰ ਆ ਰਿਹਾ ਸੀ। ਹੌਲੀ ਹੌਲੀ ਲਾਗੇ ਆ ਖੜ੍ਹਾ ਹੋਇਆ ਤੇ ਪਰੌਂਠਾ ਖਾ ਰਹੇ ਬੱਚੇ ਦੀਆਂ ਬੁਰਕੀਆਂ ਮੇਰੇ ਨਾਲੋਂ ਵੀ ਵੱਧ ਨੀਝ ਨਾਲ ਗਿਣਨ ਲੱਗਾ। ਉਸ ਦਾ ਧਿਆਨ ਏਨਾ ਗਵਾਚਿਆ ਹੋਇਆ ਸੀ ਬੁਰਕੀਆਂ ਵਿੱਚ ਕਿ ਦੋ ਵਾਰ ਉਸ ਦੀ ਆਪਣੀ ਉਂਗਲੀ ਫਟੀ ਹੋਈ ਕਮੀਜ਼ ਦੀ ਮੋਰੀ ਵਿੱਚ ਗਈ ਤੇ ਅਚੇਤ ਹੀ ਉਸ ਨੇ ਆਪਣਾ ਕਮੀਜ਼ ਥੋੜ੍ਹਾ ਜਿਹਾ ਹੋਰ ਪਾੜ ਲਿਆ।

ਇੱਕ ਤਾਜ਼ੀ ਸੂਈ ਲਗਦੀ ਕੁੱਤੀ ਵੀ ਸਾਡੇ ਲਾਗੇ ਹੋ ਕੇ ਬੈਠ ਗਈ। ਮੈਂ, ਨੰਗੇ ਢਿੱਡ ਵਾਲਾ ਮੁੰਡਾ ਅਤੇ ਤਾਜ਼ੀ ਸੂਈ ਕੁੱਤੀ ਅਸੀਂ ਤਿੰਨੇ ਬੜੇ ਧਿਆਨ ਨਾਲ ਪਰੌਂਠਾ ਖਾ ਰਹੇ ਬੱਚੇ ਵੱਲ ਟਿਕਟਿਕੀ ਲਾ ਕੇ ਦੇਖ ਰਹੇ ਸਾਂ। ਇੱਕ ਪਰੌਂਠਾ ਖਾ ਕੇ ਉਹ ਸ਼ਾਇਦ ਰੱਜ ਗਿਆ। ਉਸ ਦੇ ਡੱਬੇ ਵਿੱਚ ਇੱਕ ਹੋਰ ਪਰੌਂਠਾ ਸੀ। ਉਸ ਨੇ ਅੱਧਾ ਪਰੌਂਠਾ ਤੋੜ ਕੇ ਕੁੱਤੀ ਵੱਲ ਸੁੱਟਿਆ, ਕੁੱਤੀ ਨੇ ਹਾਲੇ ਮਾੜਾ ਜਿਹਾ ਮੂੰਹ ਲਾਇਆ ਹੀ ਸੀ ਕਿ ਲਾਗੇ ਖੜੋਤੇ ਮੁੰਡੇ ਨੇ ਕੁੱਤੀ ਨੂੰ ਦਬਕ ਕੇ ਪਰੌਂਠਾ ਚੁੱਕ ਲਿਆ ਤੇ ਫਟਾ ਫਟ ਖਾ ਗਿਆ। ਕੁੱਤੀ ਦਾ ਜੂਠਾ ਖਾ ਗਿਆ, ਕੁੱਤੀ ਦਾ ਜੂਠਾ ਖਾ ਗਿਆ, ਰੌਲਾ ਸੁਣ ਕੇ ਕਈ ਹੋਰ ਬੱਚੇ ਵੀ ਕੱਠੇ ਹੋ ਗਏ। ਜੋ ਅੱਧਾ ਪਰੌਂਠਾ ਹਾਲੇ ਬਚਿਆ ਸੀ, ਉਹ ਫਿਰ ਉਸ ਲੜਕੇ ਨੇ ਕੁੱਤੀ ਵੱਲ ਨੂੰ ਸੁੱਟਣਾ ਚਾਹਿਆ ਪਰ ਇਸ ਵਾਰ ਉਸ ਲੰਬੇ ਝੱਗੇ ਵਾਲੇ ਮੁੰਡੇ ਨੇ ਬੜੀ ਫੁਰਤੀ ਕੀਤੀ।

ਛਾਲ ਮਾਰ ਕੇ ਚੁੱਕ ਲਿਆ ਕੁੱਤੀ ਨੂੰ ਮੂੰਹ ਵੀ ਨਾ ਲਾਉਣ ਦਿੱਤਾ। ਸਾਰੇ ਬੱਚੇ— ਹੌਈ ਓਏ- ਹੌਈ ਓਏ ਰੌਲਾ ਪਾਉਂਦੇ ਰਹੇ। ਸਿਰੋਂ ਪੈਰੋਂ ਨੰਗਾ ਉਹ ਮੁੰਡਾ ਪਰੌਂਠੇ ਦਾ ਮਜ਼ਾ ਲੈਂਦਾ ਟਪੂਸੀਆਂ ਮਾਰਦਾ ਸਕੂਲ ਵੱਲ ਨੂੰ ਚਲਾ ਗਿਆ।