ਵਿਸਾਖੀ ਦੀਆਂ ਰੌਣਕਾਂ

ਹਰ ਪਾਸੇ ਲੱਗੀਆਂ ਨੇ ਰੌਣਕਾਂ ਵਿਸਾਖੀ ਦੀਆਂ,
ਲੋਕੀਂ ਚੱਲੇ ਮੇਲੇ ਵੱਲ ਹੋ ਕੇ ਨੇ ਤਿਆਰ ਜੀ।
ਕੋਈ ਕੋਈ ਚੱਲਿਆ ਹੈ ਭੈਣਾਂ ਤੇ ਭਰਾਵਾਂ ਨਾਲ,
ਕਿਸੇ ਕਿਸੇ ਨਾਲ ਹਨ ਉਹਦੇ ਬੇਲੀ ਯਾਰ ਜੀ।
ਕਣਕਾਂ ਨੇ ਪੱਕ ਗਈਆਂ ਹੋਇਆ ਹੈ ਸੁਨਹਿਰੀ ਰੰਗ,
ਵੇਖ ਵੇਖ ਜੱਟ ਨੂੰ ਹੈ ਚੜ੍ਹਦਾ ਖੁਮਾਰ ਜੀ।
ਘਰ ਵਿੱਚ ਦਾਣੇ ਆਉਣੇ ਖੁਸ਼ੀ ਏਸੇ ਗੱਲ ਦੀ ਹੈ,
ਤਾਹੀਓਂ ਖੇੜੇ ਵਿੱਚ ਖੀਵਾ ਦਿੱਸੇ ਪਰਿਵਾਰ ਜੀ।

ਏਸੇ ਹੀ ਵਿਸਾਖੀ ਦਿਨ ਉਨੀ ਸੌ ਤੇ ਉਨੀ ਵਿੱਚ,
ਜੱਲ੍ਹਿਆਂ ਦੇ ਬਾਗ ਦਾ ਸੀ ਹੋਇਆ ਖੂਨੀ ਸਾਕਾ ਜੀ।
ਡਾਇਰ ਓਡਵਾਇਰ ਰਲ ਚਾਲ ਇੱਕ ਖੇਡੀ ਐਸੀ,
ਘੇਰ ਲਿਆ ਬਾਗ ਵਾਲਾ ਸਾਰਾ ਹੀ ਇਲਾਕਾ ਜੀ।
ਮੰਗਦੇ ਆਜ਼ਾਦੀ ਹਿੰਦਵਾਸੀ ਜਿਹੜੇ ਸ਼ਾਂਤੀ ਨਾਲ,
ਹੱਕਾਂ ਉੱਤੇ ਵੱਜ ਗਿਆ ਭੈੜਾ ਕੇਹਾ ਡਾਕਾ ਜੀ।
ਮਾਰੇ ਗਏ ਸਾਰੇ ਕੁਝ ਖੂਹ ਵਿੱਚ ਡਿੱਗ ਮੋਏ,
ਇੱਕ ਇੱਕ ਗਲੀ ਉੱਤੇ ਲੱਗਿਆ ਸੀ ਨਾਕਾ ਜੀ।

ਸੋਲਾਂ ਸੌ ਨੜਿਨਵੇਂ ‘ਚ ਪਿਤਾ ਦਸ਼ਮੇਸ਼ ਜੀ ਨੇ,
ਸਿੱਖਾਂ ਨੂੰ ਬੁਲਾ ਕੇ ਫੇਰ ‘ਕੱਠ ਕੀਤਾ ਭਾਰੀ ਸੀ।
ਗੁਰੂ ਦੇ ਬੁਲਾਏ ਸਾਰੇ ਪਹੁੰਚੇ ਸੀ ਅਨੰਦਪੁਰ,
ਬੱਚੇ, ਬੁੱਢੇ ਆਏ ਨਾਲੇ ਹੋਰ ਨਰ-ਨਾਰੀ ਸੀ।
ਚੜ੍ਹ ਕੇ ਪਹਾੜੀ ਫਿਰ ਕੇਸਗੜ੍ਹ ਉੱਚੀ ਉੱਤੇ,
ਮੁੱਖ ਵਿੱਚੋਂ ਗੁਰੂ ਜੀ ਨੇ ਗੱਲ ਇਹ ਉਚਾਰੀ ਸੀ।
ਹੱਥ ਸ਼ਮਸ਼ੀਰ ਫੜ ਸੀਸ ਦੀ ਸੀ ਮੰਗ ਕੀਤੀ,
ਕੀਤਾ ਸੀ ਐਲਾਨ ਜਿਹੜੀ ਮਨ ਵਿੱਚ ਧਾਰੀ ਸੀ।

ਸਿੱਖੀਏ ਸੁਨੇਹਾ ਅਸੀਂ ਸਾਰੇ ਮਿਲਜੁਲ ਕੇ ਤੇ,
ਜਾਣੀਏ ਵਿਸਾਖੀ ਦਾ ਕੀ ਅਸਲੀ ਉਦੇਸ਼ ਹੈ।
ਦੇਸ਼ ਉੱਤੇ ਭੀੜ ਬਣੇ ਏਕੇ ਵਿੱਚ ਰਲ ਬਹੀਏ,
ਇਹੋ ਹੀ ਤਿਉਹਾਰਾਂ ਦਾ ਜੀ ਖਾਸ ਹੀ ਸੰਦੇਸ਼ ਹੈ।
ਘੁੰਮੀਏ ਤੇ ਸੈਰਾਂ ਭਾਵੇਂ ਕਰੀਏ ਦੁਰਾਡੇ ਦੀਆਂ,
ਮਨ ‘ਚ ਵਸਾਈਏ ਕਿ ਪੰਜਾਬ ਮੇਰਾ ਦੇਸ਼ ਹੈ।
‘ਜੀਓ ਅਤੇ ਜੀਣ ਦਿਓ’ ਨਾਅਰਾ ਸਦਾ ਯਾਦ ਰੱਖੋ,
ਦੁਖ ਸੁਖ ਵਿੱਚ ਸਾਂਝ ਰੱਖਣੀ ਹਮੇਸ਼ ਹੈ।

- ਪ੍ਰੋ. ਨਵ ਸੰਗੀਤ ਸਿੰਘ

1, ਲਤਾ ਗਰੀਨ ਐਨਕਲੇਵ, ਪਟਿਆਲਾ-147002.(9417692015)