ਭਾਰਤੀ ਜਨ - ਜੀਵਨ ਅਤੇ ਮਿਥ

ਭਾਰਤੀ ਜਨ ਜੀਵਨ ਵਿੱਚ ਮਿਥ ਇਸ ਤਰ੍ਹਾਂ ਸਮਾਈ ਹੋਈ ਹੈ ਜਿਵੇਂ ਫੁੱਲ ਵਿੱਚ ਖੁਸ਼ਬੂ, ਵਾਤਾਵਰਨ ਵਿੱਚ ਪਾਣੀ ਅਤੇ ਸਰੀਰ ਵਿੱਚ ਸਾਹ। ਭਾਰਤੀ ਲੋਕ ਹਰ ਕੁਦਰਤੀ ਜਾਂ ਗੈਰ ਕੁਦਰਤੀ ਵਰਤਾਰੇ ਨੂੰ ਮਿਥ ਵਿੱਚ ਵਟਾਉਣ ਲੱਗੇ ਝੱਟ ਨਹੀਂ ਲਾਉਂਦੇ। ਭਾਰਤੀ ਲੋਕਾਂ ਦੁਆਰਾ ਸਿਰਜੀਆਂ ਇਹ ਮਿਥਾਂ ਆਪਣੇ ਆਪ ਵਿੱਚ ਬੜੀਆਂ ਦਿਲਚਸਪ ਅਤੇ ਮਨੋਰੰਜਕ ਵੀ ਹੁੰਦੀਆਂ ਹਨ। ਅਜਿਹੀ ਹੀ ਇੱਕ ਮਿਥ ਮੈਨੂੰ ਵੇਖਣ ਵਿੱਚ ਉਦੋਂ ਮਿਲੀ ਜਦੋਂ ਮੈਂ ਇਸ ਵਾਰ ਜੰਮੂ ਕਸ਼ਮੀਰ ਭ੍ਰਮਣ ਦੇ ਆਪਣੇ ਦੌਰੇ ਦੌਰਾਨ ਆਪਣੇ ਕੁਝ ਸਾਥੀਆਂ ਨਾਲ ਜੰਮੂ ਤੋਂ ਲਗਭਗ 80 ਕਿਲੋਮੀਟਰ ਦੂਰ ਰਿਆਸੀ ਗਿਆ। ਉੱਥੇ ਸਲਾਰ ਬਾਬਾ ਨਾਮ ਦਾ ਇੱਕ ਝਰਨਾ ਉੱਚੇ ਪਹਾੜ ਤੋਂ ਡਿੱਗਦਾ ਹੈ ਜਿਸ ਦੀ ਜਿਆਰਤ ਕਰਨ ਦਾ ਮੈਨੂੰ ਮੌਕਾ ਮਿਲਿਆ। ਜਦੋਂ ਅਸੀਂ ਝਰਨੇ ਕੋਲ ਪਹੁੰਚੇ ਤਾਂ ਉੱਥੇ ਯਾਤਰੀਆਂ ਦੀ ਗਿਣਤੀ ਬਹੁਤ ਥੋੜੀ ਸੀ ਲੇਕਿਨ ਸਥਾਨ ਬੜਾ ਰਮਣੀਕ ਤੇ ਵਾਤਾਵਰਣ ਬਹੁਤ ਹੀ ਸ਼ਾਂਤ ਸੀ। ਸਾਡੇ ਨਾਲ ਗਏ ਸਾਥੀ ਸ਼੍ਰੀ ਸੁਰੇਸ਼ ਕੁਮਾਰ ਜੀ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਸਲਾਰ ਬਾਬਾ ਦੀ ਬਹੁਤ ਮਾਨਤਾ ਹੈ। ਉੱਥੇ ਝਰਨੇ ਦੇ ਨਜ਼ਦੀਕ ਸਲਾਰ ਬਾਬਾ ਦਾ ਜੋ ਅਸਥਾਨ ਬਣਿਆ ਹੋਇਆ ਸੀ ਉੱਥੇ ਲੋਕ ਮੱਥਾ ਟੇਕ ਰਹੇ ਸਨ। ਆਪਣੀ ਸ਼ਰਧਾ ਅਤੇ ਵਿਸ਼ਵਾਸ ਦਾ ਪ੍ਰਗਟਾਵਾ ਕਰ ਰਹੇ ਸਨ। ਸਾਡੇ ਸਾਥੀ ਨੇ ਦੱਸਿਆ ਕਿ ਜਿਹੜਾ ਵੀ ਇਨਸਾਨ ਸਲਾਰ ਬਾਬਾ ਦੀ ਇਸ ਕਬਰ ਤੇ ਮੱਥਾ ਟੇਕ ਲੈਂਦਾ ਹੈ ਤੇ ਉਸ ਝਰਨੇ ਦੇ ਹੇਠ ਇਸ਼ਨਾਨ ਕਰ ਲੈਂਦਾ ਹੈ ਉਸ ਦੀ ਸੁੱਖ ਪੂਰੀ ਹੋ ਜਾਂਦੀ ਹੈ। ਇਸ ਝਰਨੇ ਬਾਰੇ ਉੱਥੋਂ ਦੇ ਵਸਨੀਕ ਲੋਕਾਂ ਵਿੱਚ ਇੱਕ ਮਾਨਤਾ ਜਾਂ ਇੱਕ ਮਿਥ ਪਾਈ ਜਾਂਦੀ ਹੈ ਕਿ ਸਦੀਆਂ ਪਹਿਲਾਂ ਇਹ ਝਰਨਾ ਦੁੱਧ ਦਾ ਵਗਿਆ ਕਰਦਾ ਸੀ ਭਾਵ ਉਸ ਉੱਚੇ ਪਹਾੜ ਤੋਂ ਦੁੱਧ ਗਿਰਿਆ ਕਰਦਾ ਸੀ। ਲੋਕ ਉੱਥੋਂ ਦੁੱਧ ਪੀਂਦੇ ਸਨ ਪਰ ਦੁੱਧ ਕਿਸੇ ਨੂੰ ਘਰ ਲਿਜਾਣ ਦੀ ਇਜਾਜ਼ਤ ਨਹੀਂ ਸੀ। ਇੱਕ ਵਾਰ ਕੀ ਹੋਇਆ ਕਿ ਇੱਕ ਗੁੱਜਰ ਨੇ ਦੁੱਧ ਦਾ ਤੌੜਾ ਭਰਿਆ ਤੇ ਆਪਣੇ ਘਰ ਲੈ ਗਿਆ। ਉਸਨੇ ਉਸਨੂੰ ਜਾਗ ਲਗਾਇਆ, ਰਿੜਕਿਆ, ਮੱਖਣ ਕੱਢਿਆ ਤੇ ਲੱਸੀ ਪੀਤੀ।… ਤੇ ਕਹਿੰਦੇ ਹਨ ਕਿ ਸਲਾਰ ਬਾਬਾ ਉਸ ਦੀ ਇਸ ਹਰਕਤ ਤੋਂ ਨਾਰਾਜ਼ ਹੋ ਗਏ ਤੇ ਅਗਲੇ ਦਿਨ ਤੋਂ ਦੁੱਧ ਦਾ ਉਹ ਝਰਨਾ ਪਾਣੀ ਦੇ ਝਰਨੇ ਵਿੱਚ ਤਬਦੀਲ ਹੋ ਗਿਆ। ਤੇ ਉਦੋਂ ਤੋਂ ਲੈ ਕੇ ਹੁਣ ਤੱਕ ਉੱਥੇ ਪਾਣੀ ਦਾ ਝਰਨਾ ਲਗਾਤਾਰ ਡਿੱਗ ਰਿਹਾ ਹੈ। ਇਹ ਮਿਥ ਆਪਣੇ ਆਪ ਵਿੱਚ ਬੜੀ ਦਿਲਚਸਪ ਵੀ ਹੈ ਮਨੋਰੰਜਕ ਵੀ ਹੈ ਤੇ ਉਪਹਾਸ ਦਾ ਕਾਰਨ ਵੀ ਬਣਦੀ ਹੈ। ਅੱਜ ਵੀ ਜਦੋਂ ਉਸ ਝਰਨੇ ਨੂੰ ਵੇਖਦੇ ਹਾਂ ਤਾਂ ਪਹਿਲੀ ਨਜ਼ਰ ਇਹ ਭੁਲੇਖਾ ਪੈਂਦਾ ਹੈ ਕਿ ਜਿਵੇਂ ਉਸ ਉੱਚੇ ਪਹਾੜ ਤੋਂ ਪਾਣੀ ਨਹੀਂ ਦੁੱਧ ਡਿੱਗ ਰਿਹਾ ਹੋਵੇ। ਦੂਰ ਤੋਂ ਦੇਖਿਆ ਪਾਣੀ ਦੀ ਲਿਸ਼ਕੋਰ ਦੁੱਧ ਦਾ ਭੁਲੇਖਾ ਪਾਉਂਦੀ ਹੈ। ਜਦੋਂ ਮੈਂ ਉਸ ਪਹਾੜ ਨੂੰ ਨਜ਼ਦੀਕ ਤੋਂ ਵੇਖਿਆ ਤਾਂ ਮੇਰੇ ਤਜਰਬੇ ਵਿੱਚ ਇੱਕ ਗੱਲ ਆਈ ਕਿ ਉਹ ਪਹਾੜ ਅਤੇ ਉਸਦੇ ਆਲੇ ਦੁਆਲੇ ਦੇ ਪਹਾੜ ਵੀ ਜੇ ਦੇਖੀਏ ਤਾਂ ਉਹਨਾਂ ਵਿੱਚ ਸੰਗੇ ਮਰਮਰ ਦੀ ਚਟਾਨ ਤੇ ਰੰਗਤ ਵਧੇਰੇ ਹੈ। ਸ਼ਾਇਦ ਇਸੇ ਕਰਕੇ ਜਦੋਂ ਡਿੱਗ ਰਹੇ ਪਾਣੀ ਦੇ ਹੇਠੋਂ ਸੰਗੇ ਮਰਮਰ ਚਮਕਦਾ ਹੈ ਤਾਂ ਉਹ ਦੁੱਧ ਦਾ ਭੁਲੇਖਾ ਪਾਉਂਦਾ ਹੈ। ਮੈਂ ਹੈਰਾਨ ਹਾਂ ਭਾਰਤੀ ਲੋਕਾਂ ਦੀ ਇਸ ਮਾਨਸਿਕਤਾ ਤੋਂ ਕਿ ਕਿਵੇਂ ਹਰ ਕੁਦਰਤੀ ਵਰਤਾਰੇ ਨੂੰ ਵਿਗਿਆਨਿਕ ਤੇ ਤਾਰਿਕਕ ਨਜ਼ਰੀਏ ਤੋਂ ਵੇਖਣ ਦੀ ਥਾਂ ਇੱਕ ਮਿੱਥ ਜਾਂ ਇੱਕ ਮਾਨਤਾ ਨੂੰ ਜੋੜ ਲੈਂਦੇ ਹਨ। ਉਸ ਅਸਥਾਨ ਤੇ ਇੱਕ ਧਾਰਮਿਕ ਥਾਂ ਬਣਾ ਲੈਂਦੇ ਹਨ। ਉੱਥੇ ਮੱਥੇ ਟੇਕਦੇ ਹਨ, ਸੁੱਖਾਂ ਸੁੱਖਦੇ ਹਨ ਅਤੇ ਉਥੋਂ ਮੰਨਤਾਂ ਤੇ ਸੁੱਖਾਂ ਪੂਰੀਆਂ ਹੋਣ ਦਾ ਭਰਮ ਵੀ ਪਾਲ ਲੈਂਦੇ ਹਨ। ਜਦ ਕਿ ਇਹ ਇੱਕ ਕੁਦਰਤੀ ਸੱਚਾਈ ਵੀ ਹੈ ਤੇ ਵਿਗਿਆਨਿਕ ਸੱਚ ਵੀ ਹੈ ਕਿ ਬੰਦਾ ਜੋ ਸਿਰਜਦਾ ਹੈ, ਜੋ ਬਣਾਉਂਦਾ ਹੈ, ਜੋ ਹਾਸਲ ਕਰਦਾ ਹੈ ਆਪਣੀ ਮਿਹਨਤ ਅਤੇ ਸ਼ਿੱਦਤ ਦੇ ਬਲਬੂਤੇ ਤੇ ਹੀ ਪ੍ਰਾਪਤ ਕਰਦਾ ਹੈ ਪਰ ਜੇ ਇਹਨਾਂ ਦਾ ਮਿੱਥਾਂ ਦਾ ਮਨੋਰੰਜਕ ਪੱਖ ਵੇਖੀਏ ਤਾਂ ਇਹ ਆਪਣੇ ਆਪ ਵਿੱਚ ਦਿਲਚਸਪ ਵੀ ਬਹੁਤ ਲੱਗਦੀਆਂ ਹਨ।